ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ: ਦੋ ਹੋਰ ਅਫ਼ਸਰ ਸਸਪੈਂਡ, ਹੁਣ ਤੱਕ ਇਸ ਮਾਮਲੇ ਵਿੱਚ ਕੀ-ਕੀ ਹੋਇਆ

ਤਸਵੀਰ ਸਰੋਤ, Parvinder singh jhota / fb
ਪਰਵਿੰਦਰ ਸਿੰਘ ਝੋਟਾ ਕਲਤ ਮਾਮਲੇ 'ਚ ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਮਾਨਸਾ ਦੇ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਅਤੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੂੰ ਮੁਅੱਤਲ ਕਰ ਦਿੱਤਾ ਹੈ।
ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਮੁਤਾਬਕ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੀਬੀਸੀ ਨਿਊਜ਼ ਪੰਜਾਬੀ ਨੂੰ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ।
ਸਮਾਚਾਰ ਏਜੰਸੀ ਏਐੱਨਆਈ ਮੁਤਾਬਕ, ਇਹ ਕਾਰਵਾਈ ਪਰਵਿੰਦਰ ਝੋਟੇ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ।

ਤਸਵੀਰ ਸਰੋਤ, Charanjeev Kaushal/BBC
ਮਾਮਲੇ ਵਿੱਚ ਸੀਬੀਆਈ ਨੇ ਐੱਫਆਈਆਰ ਦਰਜ ਕਰ ਲਈ ਹੈ। ਇਹ ਐੱਫਆਈਆਰ 21 ਅਕਤੂਬਰ, ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਦਰਜ ਕੀਤੀ ਗਈ ਹੈ।
ਇਸ ਵਿੱਚ ਬੀਐੱਨਐੱਸ ਦੀਆਂ ਧਾਰਾਵਾਂ 103(1), 109, 118(1), 61(2), 3(5) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25 ਅਤੇ 27 ਲਗਾਈਆਂ ਗਈਆਂ ਹਨ।
ਸੀਬੀਆਈ ਦੇ ਇੰਸਪੈਕਟਰ ਬਲਵਿੰਦਰ ਸਿੰਘ ਇਸ ਕੇਸ ਦੇ ਜਾਂਚ ਅਧਿਕਾਰੀ ਨਿਯੁਕਤ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਸੀਬੀਆਈ ਦੀ ਟੀਮ ਜਾਂਚ ਲਈ ਅੱਧੀ ਰਾਤ ਤੋਂ ਬਾਅਦ ਮਾਨਸਾ ਪਹੁੰਚੀ ਸੀ। ਸੀਬੀਆਈ ਨੇ ਰਾਤ ਬਾਰਾਂ ਵਜੇ ਤੋਂ ਬਾਅਦ ਮਾਨਸਾ ਦੇ ਸਿਟੀ ਥਾਣਾ-2 ਵਿੱਚ ਦਸਤਕ ਦਿੱਤੀ ਅਤੇ ਪੁਲਿਸ ਅਧਿਕਾਰੀਆਂ ਤੋਂ ਜਾਣਕਾਰੀ ਲਈ। ਇਸੇ ਥਾਣੇ ਵਿੱਚ ਝੋਟੇ ਦੇ ਕਤਲ ਮਾਮਲੇ ਦੀ ਐੱਫਆਈਆਰ ਦਰਜ ਹੋਈ ਹੈ।
ਇਸ ਤੋਂ ਬਾਅਦ ਸੀਬੀਆਈ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ। ਸੀਬੀਆਈ ਟੀਮ ਦੀ ਅਗਵਾਈ ਡੀਆਈਜੀ ਰਾਹੁਲ ਸ਼ਰਮਾ ਕਰ ਰਹੇ ਹਨ।

ਤਸਵੀਰ ਸਰੋਤ, charanjeev kaushal/BBC
ਬੀਬੀਸੀ ਸਹਿਯੋਗੀ ਚਰਨਜੀਤ ਕੌਸ਼ਲ ਨੇ ਜਾਣਕਾਰੀ ਦਿੱਤੀ ਕਿ ਸੀਬੀਆਈ ਦੀ ਟੀਮ ਨੇ ਪਰਵਿੰਦਰ ਝੋਟਾ ਦੇ ਪਰਿਵਾਰ ਦੇ ਬਿਆਨ ਵੀਡੀਓ ਰਿਕਾਰਡ ਕੀਤੇ।
ਦੱਸ ਦੇਈਏ ਕਿ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਭਰੋਸਾ ਦਿਵਾਇਆ ਸੀ ਕਿ ਬੁੱਧਵਾਰ ਦੁਪਹਿਰ ਤੋਂ ਪਹਿਲਾਂ ਸੀਬੀਆਈ ਟੀਮ ਪਹੁੰਚ ਜਾਵੇਗੀ।
ਅਮਿਤ ਸ਼ਾਹ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਮੰਗਲਵਾਰ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਿੰਦਰ ਝੋਟਾ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਐਲਾਨ ਕੀਤਾ ਸੀ।
ਮਾਨ ਨੇ ਐਕਸ 'ਤੇ ਲਿਖਿਆ ਸੀ, "ਨਸ਼ਿਆਂ ਖ਼ਿਲਾਫ਼ ਲੜ ਰਹੇ ਪਰਵਿੰਦਰ ਝੋਟਾ ਦੇ ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਸੀਂ ਹਰ ਸਮੇਂ ਡਟ ਕੇ ਖੜ੍ਹੇ ਹਾਂ। ਪਰਿਵਾਰ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਅਸੀਂ ਇਹ ਕੇਸ ਸੀਬੀਆਈ ਨੂੰ ਸੌਂਪ ਰਹੇ ਹਾਂ।"
ਪਰਵਿੰਦਰ ਝੋਟਾ ਦੇ ਪੋਸਟਮਾਰਟਮ ਬਾਰੇ ਕੀ ਫ਼ੈਸਲਾ ਹੋਇਆ ?

ਤਸਵੀਰ ਸਰੋਤ, charanjeevkaushal/bbc
ਉਧਰ ਅੱਜ ਦੁਪਹਿਰ ਮਾਨਸਾ ਦੇ ਸਿਵਲ ਹਸਪਤਾਲ ਦੇ ਬਾਹਰ ਤਣਾਅ ਦਾ ਮਾਹੌਲ ਬਣ ਗਿਆ ਸੀ ਜਿਥੋਂ ਦੇ ਮੁਰਦਾ ਘਰ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਰੱਖੀ ਹੋਈ ਹੈ।
ਸੀਬੀਆਈ ਦੀ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਚਰਚਾ ਛਿੜੀ ਕਿ ਪਰਿਵਾਰ ਪੋਸਟਮਾਰਟਮ ਲਈ ਰਾਜ਼ੀ ਹੋ ਗਿਆ ਹੈ।
ਉਧਰ ਮੁਰਦਾ ਘਰ ਬਾਹਰ ਤੈਨਾਤ ਨਿਹੰਗ ਸਿੰਘਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਖੁਦ ਮ੍ਰਿਤਕ ਦੇਹ ਇੱਥੋਂ ਲੈ ਕੇ ਜਾਣ ਲਈ ਸਹਿਮਤੀ ਨਹੀਂ ਦੇਣਗੇ, ਉੱਦੋਂ ਤੱਕ ਮ੍ਰਿਤਕ ਦੇਹ ਨਹੀਂ ਲੈ ਕੇ ਜਾਣ ਦਿੱਤੀ ਜਾਵੇਗੀ।
ਸਪਸ਼ਟੀਕਰਨ ਦਿੰਦਿਆਂ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨੇ ਧਰਨੇ ਵਾਲੇ ਮੰਚ ਤੋਂ ਬੋਲਦਿਆਂ ਕਿਹਾ ਕਿ ਫ਼ਿਲਹਾਲ ਪੋਸਟਮਾਰਟਮ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਕਿ ਕੁਝ ਮਾਹਰਾਂ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਹੈ ਕਿ ਸਬੂਤ ਜੁਟਾਉਣ ਲਈ ਕੁਝ ਸਮਾਂ ਸੀਮਾ ਅੰਦਰ ਪੋਸਟ ਮਾਰਟਮ ਹੋ ਜਾਣਾ ਚਾਹੀਦਾ ਹੈ, ਪਰ ਉਹ ਸੰਗਤ ਅਤੇ ਕਮੇਟੀ ਦੀ ਸਹਿਮਤੀ ਤੋਂ ਬਾਅਦ ਹੀ ਪ੍ਰਸ਼ਾਸਨ ਨੂੰ ਪੋਸਟ ਮਾਰਟਮ ਦੀ ਸਹਿਮਤੀ ਦੇਣਗੇ।
ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਚੰਡੀਗੜ੍ਹ ਸਥਿਤ ਪੀਜੀਆਈ ਤੋਂ ਕਰਵਾਏ ਜਾਣ ਦੀਆਂ ਚਰਚਾਵਾਂ ਹਨ।
ਪਰਿਵਾਰ ਅਤੇ ਕਮੇਟੀ ਨੇ ਵੀ ਆਪਣੀਆਂ ਮੰਗਾਂ ਵਿੱਚ ਪੀਜੀਆਈ ਤੋਂ ਹੀ ਡਾਕਟਰਾਂ ਦਾ ਪੈਨਲ ਬਣਾ ਕੇ ਪੋਸਟ ਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ।
ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਵੀ ਪਰਿਵਾਰ ਨੇ ਉਹੀ ਮੰਗਾਂ ਦੁਹਰਾਈਆਂ ਹਨ ਜੋ ਸਭ ਦੇ ਸਾਹਮਣੇ ਤੈਅ ਹੋਈਆਂ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਲ ਆਉਣ ਵਾਲਿਆਂ ਦਾ ਸਵਾਗਤ ਕਰਨਗੇ ਪਰ ਉਹ ਕਿਸੇ ਪਾਰਟੀ ਦੇ ਸਮਰਥਕ ਨਹੀਂ ਹਨ।
ਮਾਮਲੇ ਵਿੱਚ ਹੁਣ ਤੱਕ ਕੀ ਕੁਝ ਹੋਇਆ ?

ਤਸਵੀਰ ਸਰੋਤ, BJP PUNJAB/X
ਮਾਨਸਾ ਦੇ ਬਜ਼ਾਰ ਵਿੱਚ 13 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪਰਿਵਾਰ ਅਤੇ ਸਮਰਥਕਾਂ ਨੇ ਅੰਤਿਮ ਸਸਕਾਰ ਤੋਂ ਇਨਕਾਰ ਕਰਦਿਆਂ ਮਾਨਸਾ ਵਿੱਚ ਧਰਨਾ ਲਗਾ ਦਿੱਤਾ ਸੀ ਜੋ ਖ਼ਬਰ ਲਿਖੇ ਜਾਣ ਤੱਕ (ਭਾਵ 21 ਅਕਤੂਬਰ ਤੱਕ) ਜਾਰੀ ਹੈ। ਧਰਨੇ ਵਿੱਚ ਵੱਡੀ ਗਿਣਤੀ ਆਮ ਲੋਕਾਂ ਤੋਂ ਇਲਾਵਾ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ, ਕਈ ਕਲਾਕਾਰ ਅਤੇ ਹੋਰ ਮਸ਼ਹੂਰ ਹਸਤੀਆਂ ਪਹੁੰਚਦੀਆਂ ਰਹੀਆਂ।
14 ਅਕਤੂਬਰ ਨੂੰ ਮੁੱਖ ਮੁਲਜ਼ਮ ਅਸ਼ਵਨੀ ਦੇ ਘਰ ਦਾ ਕੁਝ ਹਿੱਸਾ ਨਜਾਇਜ਼ ਉਸਾਰੀ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਜੇਸੀਬੀ ਨਾਲ ਢਾਾਹ ਦਿੱਤਾ। ਮੁੱਖ ਮੁਲਜ਼ਮ ਦੇ ਮੈਡੀਕਲ ਸਟੋਰ (ਜਿੱਥੇ ਘਟਨਾ ਵਾਪਰੀ) ਨੂੰ ਵੀ ਗੁੱਸੇ ਵਿੱਚ ਆਏ ਲੋਕਾਂ ਨੇ ਨੁਕਸਾਨ ਪਹੁੰਚਾਇਆ ਅਤੇ ਅੱਗ ਵੀ ਲਗਾਈ ਗਈ।
15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸ ਸੱਦੇ ਦਾ ਪੰਜਾਬ ਦੀਆਂ ਸਿਆਸੀ, ਧਾਰਮਿਕ, ਸਮਾਜਿਕ, ਕਿਸਾਨ, ਮਜ਼ਦੂਰ ਅਤੇ ਹੋਰ ਧਿਰਾਂ ਵੱਲੋਂ ਸਮਰਥਨ ਕੀਤਾ ਗਿਆ ਸੀ।
17 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਪੰਜਾਬ ਵਿੱਚ ਵਾਪਰੀਆਂ ਹੋਰ ਘਟਨਾਵਾਂ ਬਾਰੇ ਰਿਪੋਰਟ ਮੰਗੀ। ਇਸੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਐਲਾਨ ਕੀਤਾ।
20 ਅਕਤੂਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਸੇ ਰਾਤ ਬਾਰਾਂ ਵਜੇ ਤੋਂ ਬਾਅਦ ਸੀਬੀਆਈ ਦੀ ਟੀਮ ਜਾਂਚ ਲਈ ਮਾਨਸਾ ਪਹੁੰਚੀ।
ਦੂਜੇ ਪਾਸੇ ਘਟਨਾ ਵਾਲੇ ਦਿਨ ਹੀ ਮੁੱਖ ਮੁਲਜ਼ਮ ਅਸ਼ਵਨੀ ਦੇ ਸਾਥੀ ਅਤੇ ਘਟਨਾ ਤੋਂ 24 ਘੰਟਿਆਂ ਦੇ ਅੰਦਰ ਮੁੱਖ ਮੁਲਜ਼ਮ ਅਸ਼ਵਨੀ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਅਸ਼ਵਨੀ ਦੀ ਪਤਨੀ ਨੀਲਮ ਰਾਣੀ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ। ਅਸ਼ਵਨੀ ਦਾ ਲਾਈਸੰਸ ਵੀ ਰੱਦ ਕਰ ਦਿੱਤਾ ਗਿਆ ਹੈ। ਮਾਮਲੇ ਵਿੱਚ ਹੁਣ ਤੱਕ ਕੁੱਲ ਚਾਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।
ਪੰਜਾਬ ਸਰਕਾਰ ਨੇ ਐਕਸ਼ਨ ਕਮੇਟੀ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਤਿੰਨ ਮਹਿਲਾਂ ਅਫਸਰਾਂ ਦਾ ਪੈਨਲ ਬਣਾਇਆ ਹੈ।
ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਦੋ ਦਿਨ ਬਾਅਦ, ਪ੍ਰਦਰਸ਼ਨਕਾਰੀਆਂ ਦੇ ਭਾਰੀ ਰੋਹ ਨੂੰ ਦੇਖਦਿਆਂ ਮਾਨਸਾ ਸਿਟੀ-2 ਦੇ ਐੱਸਐੱਚਓ ਬੇਅੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ 'ਤੇ ਇਲਾਕੇ ਵਿੱਚ ਨਸ਼ਿਆਂ ਨੂੰ ਰੋਕਣ ਵਿੱਚ ਅਸਫ਼ਲ ਰਹਿਣ ਦੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਸਨ।
ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਘਟਨਾ ਤੋਂ ਬਾਅਦ ਰੋਸ ਜ਼ਾਹਿਰ ਕਰਦਿਆਂ 'ਅਸਫਲ' ਪੰਜਾਬ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਸੀ ਅਤੇ ਮੰਗਾਂ ਨਾ ਮੰਨੇ ਜਾਣ ਤੱਕ ਸਸਕਾਰ ਤੋਂ ਇਨਕਾਰ ਕੀਤਾ । ਜਾਣਕਾਰੀ ਮੁਤਾਬਕ, ਪਰਿਵਾਰ ਦੀਆਂ ਮੰਗਾਂ ਰੱਖੀਆਂ ਸਨ:
- ਕਤਲ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ
- ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਮੁਅੱਤਲ ਕੀਤਾ ਜਾਵੇ
- ਡਾਕਟਰਾਂ ਦਾ ਪੈਨਲ ਬਣਾ ਕੇ ਪੀਜੀਆਈ ਤੋਂ ਪੋਸਟਮਾਰਟਮ ਕਰਵਾਇਆ ਜਾਵੇ
- ਜ਼ਿਲ੍ਹੇ ਦੇ ਕਈ ਪੁਲਿਸ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਬਰਖਾਸਤ ਕੀਤਾ ਜਾਵੇ
- ਪਰੀ-ਗੈਬਲਿਨ ਯਾਨੀ ਸਿਗਨੇਚਰ ਕੈਪਸੂਲ ਨੂੰ ਐੱਨਡੀਪੀਐੱਸ ਦੇ ਅਧੀਨ ਲਿਆਂਦਾ ਜਾਵੇ
ਮੰਗਾਂ ਨਾ ਮੰਨੇ ਜਾਣ ਤੱਕ ਮਾਨਸਾ ਵਿੱਚ ਲੱਗਿਆ ਧਰਨਾ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।
ਕਤਲ ਦੀ ਵਾਰਦਾਤ ਕਿਵੇਂ ਵਾਪਰੀ ਸੀ?

ਤਸਵੀਰ ਸਰੋਤ, PARVINDER SINGH JHOTA/FB
13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਨਸ਼ੀਲੇ ਅਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਇਲਜ਼ਾਮਾਂ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਦੋਂ ਪਰਵਿੰਦਰ ਸਿੰਘ ਝੋਟਾ ਉੱਤੇ ਗੋਲੀਆਂ ਚਲਾਈਆਂ ਗਈਆਂ, ਉਸ ਸਮੇਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਪ੍ਰਸਾਰਨ ਕਰ ਰਹੇ ਸਨ। ਇਸ ਕਾਰਨ ਵਾਰਦਾਤ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।
ਇੱਕ ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਮੈਡੀਕਲ ਸਟੋਰ ਦੇ ਮਾਲਕ ਵਿਚਾਲੇ ਦੁਕਾਨ ਵਿੱਚ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਵੇਚਣ ਦੇ ਇਲਜ਼ਾਮ ਨੂੰ ਲੈ ਕੇ ਬਹਿਸ ਹੁੰਦੀ ਦਿਖਾਈ ਦਿੰਦੀ ਹੈ।
ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਖ਼ਿਲਾਫ਼ ਪੁਲਿਸ ਨੂੰ ਫ਼ੋਨ ਕਰਨ ਦੀ ਗੱਲ ਕਰਦੇ ਸੁਣਾਈ ਦਿੰਦੇ ਹਨ।
ਵੀਡੀਓ ਵਿੱਚ ਅਸ਼ਵਨੀ ਕੋਲ ਪਿਸਤੌਲ ਹੋਣ ਦਾ ਵੀ ਜ਼ਿਕਰ ਸੁਣਾਈ ਦਿੰਦਾ ਹੈ। ਇਸ ਦੌਰਾਨ ਝੋਟਾ ਦੁਕਾਨ ਦੇ ਮਾਲਕ ਨੂੰ ਪਿਸਤੌਲ ਨਾਲ ਫ਼ਾਇਰ ਕਰਨ ਲਈ ਲਲਕਾਰਦੇ ਵੀ ਸੁਣਾਈ ਦਿੰਦੇ ਹਨ।
ਕੁਝ ਸਮੇਂ ਬਾਅਦ ਗੋਲੀ ਚੱਲਦੀ ਹੈ, ਜੋ ਪਰਵਿੰਦਰ ਸਿੰਘ ਝੋਟਾ ਨੂੰ ਲੱਗਦੀ ਹੈ। ਇਸ ਤੋਂ ਬਾਅਦ ਉਹ ਮੈਡੀਕਲ ਸਟੋਰ ਤੋਂ ਬਾਹਰ ਨਿਕਲ ਕੇ ਕਿਸੇ ਹੋਰ ਦੁਕਾਨ ਵਿੱਚ ਲੁਕਣ ਲਈ ਕੋਸ਼ਿਸ਼ ਕਰਦੇ ਹਨ।
ਇੱਕ ਹੋਰ ਵੀਡੀਓ ਵਿੱਚ ਅਸ਼ਵਨੀ ਕੁਮਾਰ ਨਾਂ ਦਾ ਵਿਅਕਤੀ ਹੱਥ ਵਿੱਚ ਪਿਸਤੌਲ ਫੜ੍ਹ ਕੇ ਬਾਜ਼ਾਰ ਵਿੱਚ ਉਨ੍ਹਾਂ ਦੇ ਪਿੱਛੇ ਜਾਂਦਾ ਦਿਖਾਈ ਦਿੰਦਾ ਹੈ। ਇਸ ਵੀਡੀਓ ਵਿੱਚ ਗੋਲੀ ਚੱਲਣ ਦੀ ਇੱਕ ਹੋਰ ਆਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਬਾਅਦ ਉਹ ਵਿਅਕਤੀ ਪਿਸਤੌਲ ਲੈ ਕੇ ਵਾਪਸ ਮੈਡੀਕਲ ਸਟੋਰ ਵੱਲ ਮੁੜ ਜਾਂਦਾ ਹੈ।
ਪਰਵਿੰਦਰ ਸਿੰਘ ਝੋਟਾ ਦੱਖਣੀ ਪੰਜਾਬ ਦੇ ਸ਼ਹਿਰ ਮਾਨਸਾ ਦੇ ਰਹਿਣ ਵਾਲੇ ਸਨ। ਉਹ ਫ੍ਰੀਸਟਾਈਲ ਕਬੱਡੀ ਖਿਡਾਰੀ ਵੀ ਰਹੇ ਸਨ।
ਉਹ ਕੁਝ ਸਾਲ ਪਹਿਲਾਂ 'ਐਂਟੀ ਡਰੱਗ ਟਾਸਕ ਫੋਰਸ' ਬਣਾਉਣ ਤੋਂ ਬਾਅਦ ਚਰਚਾ ਵਿੱਚ ਆਏ ਸਨ। ਉਨ੍ਹਾਂ ਨੇ ਆਪਣਾ ਸੰਗਠਨ ਬਣਾ ਕੇ ਕਥਿਤ ਤੌਰ 'ਤੇ ਨਸ਼ੇ ਵੇਚਣ ਵਾਲਿਆਂ ਨੂੰ ਰੋਕਣ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਉਨ੍ਹਾਂ ਖ਼ਿਲਾਫ਼ ਕਈ ਮਾਮਲੇ ਵੀ ਦਰਜ ਕੀਤੇ ਗਏ ਸਨ ਅਤੇ ਕੁਝ ਮਾਮਲਿਆਂ ਵਿੱਚ ਉਨ੍ਹਾਂ ਨੂੰ ਸਜ਼ਾ ਵੀ ਹੋਈ ਸੀ। ਹਾਲਾਂਕਿ, ਕਈ ਹੋਰ ਮਾਮਲਿਆਂ ਵਿੱਚ ਉਹ ਬਰੀ ਵੀ ਹੋਏ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































