ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
'ਸਾਊਦੀ ਅਰਬ ਤੋਂ ਆਇਆ' ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਵਾਲਾ ਭਰਾ ਹੀ ਕਿਵੇਂ ਨਿਕਲਿਆ ਆਪਣੇ ਸਕੇ ਭਰਾ ਦੇ ਕਤਲ ਦਾ ਮੁਲਜ਼ਮ?
- ਲੇਖਕ, ਇਹਤੇਸ਼ਾਮ ਅਹਿਮਦ ਸ਼ਮੀ
- ਰੋਲ, ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
17 ਅਕਤੂਬਰ ਨੂੰ ਦੁਪਹਿਰ ਕਰੀਬ 1:30 ਵਜੇ, ਗੁਜਰਾਤ (ਪਾਕਿਸਤਾਨ) ਦੇ ਰੋਪਿਰੀ ਪਿੰਡ ਵਿੱਚ ਰਹਿਣ ਵਾਲੇ ਨੌਜਵਾਨ ਮੁਹੰਮਦ ਸੁਫ਼ਿਆਨ ਨੂੰ ਸਾਊਦੀ ਅਰਬ ਵਿੱਚ ਰਹਿਣ ਵਾਲੇ ਆਪਣੇ ਭਰਾ ਮੁਹੰਮਦ ਬਿਲਾਲ ਦੀ ਵ੍ਹੱਟਸਐਪ ਕਾਲ ਆਈ।
ਇਸ ਫੋਨ ਕਾਲ ਦੌਰਾਨ ਮੁਹੰਮਦ ਬਿਲਾਲ ਨੇ ਕਿਹਾ, "ਤੂੰ ਤੁਰੰਤ ਗੁਜਰਾਤ ਸ਼ਹਿਰ ਆਜਾ, ਉੱਥੇ ਤੇਰੇ ਲਈ ਇੱਕ ਸਰਪ੍ਰਾਈਜ਼ ਹੈ। ਮੈਂ ਤੁਹਾਨੂੰ ਇੱਕ ਖ਼ਾਸ ਵਿਅਕਤੀ ਨਾਲ ਮਿਲਵਾਉਣਾ ਹੈ।"
ਮੁਹੰਮਦ ਸੁਫ਼ਿਆਨ ਮੋਟਰਸਾਈਕਲ 'ਤੇ ਘਰੋਂ ਨਿੱਕਲ ਪਿਆ। ਜਦੋਂ ਉਹ ਗੁਜਰਾਤ ਸ਼ਹਿਰ ਵਿੱਚ ਤੈਅ ਕੀਤੀ ਜਗ੍ਹਾ 'ਤੇ ਪਹੁੰਚਿਆ, ਤਾਂ ਕੁਝ ਦੇਰ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ 'ਸਰਪ੍ਰਾਈਜ਼' ਕੋਈ ਹੋਰ ਨਹੀਂ, ਸਗੋਂ ਉਸ ਦਾ ਆਪਣਾ ਭਰਾ ਹੀ ਸੀ।
ਦੋਵਾਂ ਨੇ ਇਕੱਠਿਆਂ ਖਾਣਾ ਖਾਧਾ, ਗੱਲਬਾਤ ਕੀਤੀ ਅਤੇ ਸ਼ਾਮ ਨੂੰ ਮੋਟਰਸਾਈਕਲ 'ਤੇ ਘਰ ਵੱਲ ਵਾਪਸ ਚੱਲ ਪਏ।
ਗੁਜਰਾਤ (ਪਾਕਿਸਤਾਨ) ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਫ਼ੈਸਲ ਸ਼ਹਿਜ਼ਾਦ ਮੁਤਾਬਕ, ਦਰੀਕੜੀ ਰੋਡ 'ਤੇ ਇੱਕ ਸੁੰਨਸਾਨ ਜਗ੍ਹਾ 'ਤੇ ਪਹੁੰਚਣ ਤੋਂ ਬਾਅਦ, ਮੁਹੰਮਦ ਬਿਲਾਲ ਨੇ ਕਥਿਤ ਤੌਰ 'ਤੇ ਆਪਣੇ ਭਰਾ ਨੂੰ ਪਖਾਨੇ ਜਾਣ ਦੇ ਬਹਾਨੇ ਮੋਟਰਸਾਈਕਲ ਰੋਕਣ ਲਈ ਕਿਹਾ।
ਜਿਵੇਂ ਹੀ ਮੋਟਰਸਾਈਕਲ ਰੁਕੀ, ਉਸ ਨੇ ਕਥਿਤ ਤੌਰ 'ਤੇ ਆਪਣੇ ਭਰਾ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਲਾਸ਼ ਸੜਕ ਕਿਨਾਰੇ ਸੁੱਟ ਦਿੱਤੀ।
ਪੁਲਿਸ ਮੁਤਾਬਕ, ਮੁਲਜ਼ਮ ਮ੍ਰਿਤਕ ਦਾ ਮੋਬਾਈਲ ਫ਼ੋਨ ਅਤੇ ਮੋਟਰਸਾਈਕਲ ਆਪਣੇ ਨਾਲ ਲੈ ਗਿਆ, ਤਾਂ ਜੋ "ਇਸ ਘਟਨਾ ਨੂੰ ਲੁੱਟ-ਖੋਹ ਦਾ ਮਾਮਲਾ ਦਿਖਾਇਆ ਜਾ ਸਕੇ। ਬਾਅਦ ਵਿੱਚ ਉਸ ਨੇ ਕੋਟਲਾ ਵਿੱਚ ਪੰਜਾਬ ਮੋਟਰਜ਼ ਦੇ ਬਾਹਰ ਮੋਟਰਸਾਈਕਲ ਖੜ੍ਹੀ ਕਰ ਦਿੱਤੀ ਅਤੇ ਲਾਹੌਰ ਭੱਜ ਗਿਆ।"
ਪੁਲਿਸ ਅਨੁਸਾਰ, ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਮੁਹੰਮਦ ਬਿਲਾਲ ਸਾਊਦੀ ਅਰਬ ਤੋਂ ਪਾਕਿਸਤਾਨ ਵਾਪਸ ਆ ਚੁੱਕਾ ਹੈ। ਜਦੋਂ ਰਾਤ ਨੂੰ ਪਰਿਵਾਰ ਨੇ ਉਸ ਨੂੰ ਆਪਣੇ ਭਰਾ ਦੇ ਕਤਲ ਬਾਰੇ ਦੱਸਿਆ, ਤਾਂ ਮੁਲਜ਼ਮ ਨੇ "ਅਣਜਾਣ ਬਣਨ ਦਾ ਨਾਟਕ ਕੀਤਾ।"
ਫ਼ੈਸਲ ਸ਼ਹਿਜ਼ਾਦ ਨੇ ਅੱਗੇ ਦੱਸਿਆ ਕਿ "ਮੁਲਜ਼ਮ ਨੇ ਪਰਿਵਾਰ ਨੂੰ ਕਿਹਾ ਕਿ ਜਦੋਂ ਤੱਕ ਉਹ ਸਾਊਦੀ ਅਰਬ ਤੋਂ ਘਰ ਨਹੀਂ ਪਹੁੰਚ ਜਾਂਦਾ, ਉਦੋਂ ਤੱਕ ਉਸ ਦੇ ਭਰਾ ਨੂੰ ਦਫ਼ਨਾਇਆ ਨਾ ਜਾਵੇ।" ਹਾਲਾਂਕਿ, ਪੁਲਿਸ ਮੁਤਾਬਕ, ਉਸ ਸਮੇਂ ਉਹ ਸਾਊਦੀ ਅਰਬ ਵਿੱਚ ਨਹੀਂ, ਸਗੋਂ ਪਾਕਿਸਤਾਨ ਵਿੱਚ ਹੀ ਮੌਜੂਦ ਸੀ।
"ਮੁਲਜ਼ਮ ਨੇ ਅੰਤਿਮ ਸੰਸਕਾਰ ਵਿੱਚ ਵੀ ਦੇਰੀ ਕਰਵਾਈ। ਫਿਰ ਅਗਲੀ ਸਵੇਰ (18 ਅਕਤੂਬਰ) ਜਦੋਂ ਉਹ ਪਿੰਡ ਪਹੁੰਚਿਆ, ਤਾਂ ਉਸ ਨੇ ਇਸ ਤਰ੍ਹਾਂ ਨਾਟਕ ਕੀਤਾ, ਜਿਵੇਂ ਉਸ ਨੂੰ ਆਪਣੇ ਭਰਾ ਦੇ ਕਤਲ ਦੀ ਖ਼ਬਰ ਮਿਲੀ ਹੋਵੇ ਅਤੇ ਉਹ ਸਿੱਧਾ ਸਾਊਦੀ ਅਰਬ ਤੋਂ ਪਾਕਿਸਤਾਨ ਆਇਆ ਹੋਵੇ।"
ਜ਼ਿਲ੍ਹਾ ਪੁਲਿਸ ਅਧਿਕਾਰੀ ਫ਼ੈਸਲ ਸ਼ਹਿਜ਼ਾਦ ਮੁਤਾਬਕ, ਮੁਲਜ਼ਮ ਆਪਣੇ ਮ੍ਰਿਤਕ ਭਰਾ ਦੇ ਅੰਤਿਮ ਸੰਸਕਾਰ ਅਤੇ ਦਫ਼ਨਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਇਆ, "ਤਾਂ ਜੋ ਕਿਸੇ ਨੂੰ ਉਸ 'ਤੇ ਸ਼ੱਕ ਨਾ ਹੋਵੇ।"
ਮੁਲਜ਼ਮ ਮੁਹੰਮਦ ਬਿਲਾਲ ਨੂੰ ਬੁੱਧਵਾਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਕੋਲੋਂ ਬਰਾਮਦ ਹੋਈ ਮੋਟਰਸਾਈਕਲ, ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਦੀ ਇਸ ਮਾਮਲੇ ਦੇ ਸਬੰਧ ਵਿੱਚ ਜਾਂਚ ਕੀਤੀ ਜਾਣੀ ਹੈ।
ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਪੁੱਤਰ ਦੀ ਭਾਲ ਵਿੱਚ ਨਿੱਕਲੇ ਪਰੇਸ਼ਾਨ ਪਿਤਾ ਤਾਂ ਘਟਨਾ ਦਾ ਪਤਾ ਲੱਗਿਆ
ਕਤਲ ਅਤੇ ਲੁੱਟ-ਖੋਹ ਦੀ ਇਹ ਐੱਫ਼ਆਈਆਰ 17 ਅਕਤੂਬਰ ਨੂੰ ਗੁਜਰਾਤ ਦੇ ਦੌਲਤ ਨਗਰ ਪੁਲਿਸ ਥਾਣੇ ਵਿੱਚ ਦਰਜ ਕੀਤੀ ਗਈ ਸੀ। ਇਹ ਐੱਫ਼ਆਈਆਰ ਬਿਲਾਲ ਅਤੇ ਸੁਫ਼ਿਆਨ ਦੇ ਪਿਤਾ ਖ਼ਾਲਿਦ ਮਹਿਮੂਦ ਨੇ ਦਰਜ ਕਰਵਾਈ ਸੀ। ਐੱਫ਼ਆਈਆਰ ਵਿੱਚ ਕਿਸੇ ਦਾ ਨਾਂ ਸਿੱਧੇ ਤੌਰ 'ਤੇ ਮੁਲਜ਼ਮ ਵਜੋਂ ਨਹੀਂ ਲਿਆ ਗਿਆ ਅਤੇ ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਅਣਪਛਾਤੇ ਲੋਕਾਂ ਨੇ ਕੀਤਾ ਹੈ।
ਐੱਫ਼ਆਈਆਰ ਮੁਤਾਬਕ, 24 ਸਾਲਾ ਮੁਹੰਮਦ ਸੁਫ਼ਿਆਨ 17 ਅਕਤੂਬਰ ਨੂੰ ਦੁਪਹਿਰ 1:35 ਵਜੇ "ਗੁਜਰਾਤ ਸ਼ਹਿਰ ਵਿੱਚ ਕਿਸੇ ਜ਼ਰੂਰੀ ਕੰਮ ਲਈ" ਮੋਟਰਸਾਈਕਲ 'ਤੇ ਘਰੋਂ ਨਿੱਕਲਿਆ ਸੀ।
ਪਿਤਾ ਮੁਤਾਬਕ, "ਜਦੋਂ ਸ਼ਾਮ ਤੱਕ ਮੁਹੰਮਦ ਸੁਫ਼ਿਆਨ ਵਾਪਸ ਨਹੀਂ ਆਇਆ, ਤਾਂ ਮੈਂ ਚਿੰਤਤ ਹੋ ਗਿਆ ਅਤੇ ਆਪਣੇ ਦੋਸਤਾਂ ਨਾਲ ਮੋਟਰਸਾਈਕਲ 'ਤੇ ਆਪਣੇ ਪੁੱਤਰ ਦੀ ਭਾਲ ਵਿੱਚ ਨਿੱਕਲ ਪਿਆ। ਰਾਤ 8:45 ਵਜੇ ਜਦੋਂ ਅਸੀਂ ਡਾਰਿਕਰੀ ਰੋਡ 'ਤੇ ਮੋਟਰਵੇਅ ਦੇ ਨੇੜੇ ਬਣ ਰਹੇ ਇੱਕ ਪੁਲ ਕੋਲ ਪਹੁੰਚੇ, ਤਾਂ ਦੇਖਿਆ ਕਿ ਸੜਕ ਕਿਨਾਰੇ ਇੱਕ ਵਿਅਕਤੀ ਮੂੰਹ ਦੇ ਭਾਰ ਪਿਆ ਹੋਇਆ ਸੀ।"
ਉਨ੍ਹਾਂ ਦੱਸਿਆ, "ਜਦੋਂ ਅਸੀਂ ਨੇੜੇ ਗਏ ਅਤੇ ਮੋਟਰਸਾਈਕਲ ਦੀ ਹੈੱਡਲਾਈਟ ਦੀ ਰੌਸ਼ਨੀ ਵਿੱਚ ਦੇਖਿਆ, ਤਾਂ ਮੇਰਾ ਪੁੱਤਰ ਸੁਫ਼ਿਆਨ ਖ਼ੂਨ ਨਾਲ ਲੱਥਪੱਥ ਸੜਕ 'ਤੇ ਪਿਆ ਸੀ ਅਤੇ ਉਸ 'ਤੇ ਤੇਜ਼ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ।"
ਐੱਫ਼ਆਈਆਰ ਮੁਤਾਬਕ, "ਆਲੇ-ਦੁਆਲੇ ਭਾਲ ਕਰਨ 'ਤੇ ਪਤਾ ਲੱਗਾ ਕਿ ਮੇਰੇ ਪੁੱਤਰ ਦੀ ਮੋਟਰਸਾਈਕਲ ਅਤੇ ਮੋਬਾਈਲ ਫ਼ੋਨ ਉੱਥੇ ਮੌਜੂਦ ਨਹੀਂ ਸਨ।"
ਪੁਲਿਸ ਸ਼ੱਕੀ ਤੱਕ ਕਿਵੇਂ ਪਹੁੰਚੀ?
ਇਸ ਮਾਮਲੇ ਦੇ ਜਾਂਚ ਅਧਿਕਾਰੀ ਅਤੇ ਦੌਲਤ ਨਗਰ ਪੁਲਿਸ ਥਾਣੇ ਦੇ ਐੱਸਐੱਚਓ ਅਹਿਸਾਨ ਲਤੀਫ਼ ਦੱਸਦੇ ਹਨ ਕਿ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਅਤੇ 'ਸੇਫ਼ ਸਿਟੀ' ਕੈਮਰਿਆਂ ਦੀ ਫੁਟੇਜ ਦੀ ਵਰਤੋਂ ਕੀਤੀ ਗਈ।
ਉਹ ਕਹਿੰਦੇ ਹਨ, "ਰਿਕਾਰਡਿੰਗ ਤੋਂ ਪਤਾ ਲੱਗਾ ਕਿ ਘਟਨਾ ਵਾਲੇ ਦਿਨ ਜਦੋਂ (ਮ੍ਰਿਤਕ) ਮੁਹੰਮਦ ਸੁਫ਼ਿਆਨ ਦੁਪਹਿਰ 1:35 ਵਜੇ ਘਰੋਂ ਨਿੱਕਲਿਆ, ਤਾਂ ਅਸੀਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ।"
"ਉਹ ਜਿੱਥੇ-ਜਿੱਥੇ ਵੀ ਲੰਘਿਆ, ਅਸੀਂ ਉਸ ਰਸਤੇ ਦੇ ਆਲੇ-ਦੁਆਲੇ ਮੌਜੂਦ ਫੈਕਟਰੀਆਂ ਅਤੇ ਘਰਾਂ ਦੇ ਸੀਸੀਟੀਵੀ ਕੈਮਰਿਆਂ ਦੀਆਂ ਰਿਕਾਰਡਿੰਗਾਂ ਦੀ ਜਾਂਚ ਕੀਤੀ।"
ਇਸ ਦੌਰਾਨ, 'ਸੇਫ਼ ਸਿਟੀ' ਕੈਮਰੇ ਤੋਂ ਮਿਲੀ ਇੱਕ ਰਿਕਾਰਡਿੰਗ ਤੋਂ ਪਤਾ ਲੱਗਾ ਕਿ ਮੁਹੰਮਦ ਸੁਫ਼ਿਆਨ ਦੁਪਹਿਰ 3:42 ਵਜੇ ਗੁਜਰਾਤ ਸ਼ਹਿਰ ਦੇ 'ਮੇਜਰ ਅਜ਼ੀਜ਼ ਭੱਟੀ ਸ਼ਹੀਦ ਹਸਪਤਾਲ' ਦੇ ਸਾਹਮਣੇ ਜਾ ਕੇ ਖੜ੍ਹਾ ਹੋ ਗਿਆ ਸੀ।
"ਉਹ ਉੱਥੇ ਇੱਕ ਘੰਟਾ 45 ਮਿੰਟ ਤੱਕ ਉਡੀਕ ਕਰਦਾ ਹੈ। ਸ਼ਾਮ 5:27 ਵਜੇ ਇੱਕ ਵਿਅਕਤੀ ਆਉਂਦਾ ਹੈ, ਜਿਸ ਨੂੰ ਉਹ ਬੜੇ ਪਿਆਰ ਨਾਲ ਮਿਲਦਾ ਹੈ। ਦੋਵੇਂ ਕੁਝ ਦੇਰ ਉੱਥੇ ਹੀ ਖੜ੍ਹੇ ਹੋ ਕੇ ਗੱਲਬਾਤ ਕਰਦੇ ਹਨ ਅਤੇ ਫਿਰ ਨੇੜਲੇ ਇੱਕ ਰੈਸਟੋਰੈਂਟ ਵਿੱਚ (ਖਾਣਾ ਖਾਣ ਲਈ) ਚਲੇ ਜਾਂਦੇ ਹਨ।"
ਪੁਲਿਸ ਅਧਿਕਾਰੀ ਅਹਿਸਾਨ ਲਤੀਫ਼ ਦੱਸਦੇ ਹਨ, "ਅਸੀਂ ਉਸ ਵਿਅਕਤੀ ਦੀ ਪਛਾਣ ਕਰ ਲਈ, ਕਿਉਂਕਿ ਅੰਤਿਮ ਸੰਸਕਾਰ ਅਤੇ ਉਸ ਤੋਂ ਬਾਅਦ ਦੀਆਂ ਰਸਮਾਂ ਦੌਰਾਨ ਉਸ ਨੇ ਖ਼ੁਦ ਨੂੰ ਮ੍ਰਿਤਕ ਦਾ ਵੱਡਾ ਭਰਾ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਕਤਲ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਐਮਰਜੈਂਸੀ ਉਡਾਣ ਰਾਹੀਂ ਪਾਕਿਸਤਾਨ ਵਾਪਸ ਆਇਆ ਹੈ।"
"ਪਰ ਸੀਸੀਟੀਵੀ ਰਿਕਾਰਡਿੰਗ ਕੁਝ ਹੋਰ ਹੀ ਦੱਸ ਰਹੀ ਸੀ—ਯਾਨੀ ਉਹ ਆਪਣੇ ਭਰਾ ਦੇ ਕਤਲ ਤੋਂ ਪਹਿਲਾਂ ਹੀ ਪਾਕਿਸਤਾਨ ਆ ਚੁੱਕਾ ਸੀ।"
ਇਸ ਤੋਂ ਬਾਅਦ, ਦੂਜੀ ਸੀਸੀਟੀਵੀ ਫੁਟੇਜ ਤੋਂ ਪੁਲਿਸ ਨੂੰ ਪਤਾ ਲੱਗਾ ਕਿ "ਰੈਸਟੋਰੈਂਟ ਤੋਂ ਨਿੱਕਲਣ ਤੋਂ ਬਾਅਦ ਦੋਵੇਂ ਭਰਾ ਇੱਕ ਮੋਟਰਸਾਈਕਲ 'ਤੇ ਬੈਠੇ। ਸੁਫ਼ਿਆਨ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਬਿਲਾਲ ਉਸ ਦੇ ਪਿੱਛੇ ਬੈਠਾ ਸੀ।"
"ਦੋਵੇਂ ਕਰੀਬ ਅੱਧੇ ਘੰਟੇ ਤੱਕ ਦਰੀਕੜੀ ਦੇ ਸੁੰਨਸਾਨ ਇਲਾਕੇ ਵਿੱਚ ਗਾਇਬ ਰਹੇ। ਫਿਰ ਵਾਪਸੀ ਦੇ ਰਸਤੇ 'ਤੇ ਲੱਗੇ ਕੈਮਰਿਆਂ ਵਿੱਚ ਦਿਖਾਈ ਦਿੱਤਾ ਕਿ ਮੁਲਜ਼ਮ ਬਿਲਾਲ ਇਕੱਲਾ ਹੀ ਮੋਟਰਸਾਈਕਲ ਚਲਾ ਕੇ ਗੁਜਰਾਤ ਸ਼ਹਿਰ ਵੱਲ ਜਾ ਰਿਹਾ ਸੀ।"
ਅਹਿਸਾਨ ਲਤੀਫ਼ ਦੱਸਦੇ ਹਨ ਕਿ ਉਦੋਂ ਤੱਕ ਸੁਫ਼ਿਆਨ ਗਾਇਬ ਹੋ ਚੁੱਕਾ ਸੀ। "ਅਜਿਹੇ ਵਿੱਚ ਇਹ ਸਮਝਣਾ ਮੁਸ਼ਕਿਲ ਨਹੀਂ ਸੀ ਕਿ ਸੁਫ਼ਿਆਨ ਦਾ ਕਤਲ ਉਸ ਦੇ ਵੱਡੇ ਭਰਾ ਬਿਲਾਲ ਨੇ ਹੀ ਕੀਤਾ ਹੈ।"
ਪੁਲਿਸ ਨੇ ਲਾਸ਼ ਦੇ ਹੇਠਾਂ ਦੱਬਿਆ ਹੋਇਆ ਕਤਲ ਦਾ ਹਥਿਆਰ ਬਰਾਮਦ ਕੀਤਾ, ਜਿਸ 'ਤੇ "ਬਿਲਾਲ ਦੇ ਉਂਗਲਾਂ ਦੇ ਨਿਸ਼ਾਨ (ਫਿੰਗਰਪ੍ਰਿੰਟਸ) ਵੀ ਮਿਲੇ। ਕਤਲ ਦੇ ਇਸ ਹਥਿਆਰ ਨੂੰ ਫਿੰਗਰਪ੍ਰਿੰਟਸ ਦੀ ਪੁਸ਼ਟੀ ਲਈ ਲਾਹੌਰ ਦੀ ਪੰਜਾਬ ਫੋਰੈਂਸਿਕ ਲੈਬ ਵਿੱਚ ਭੇਜਿਆ ਗਿਆ।"
ਬਿਲਾਲ ਸਾਊਦੀ ਅਰਬ ਤੋਂ ਪਾਕਿਸਤਾਨ ਕਿਉਂ ਆਇਆ ਸੀ?
ਮ੍ਰਿਤਕ ਅਤੇ ਮੁਲਜ਼ਮ ਆਪਸ 'ਚ ਸਕੇ ਭਰਾ ਹਨ ਅਤੇ ਉਨ੍ਹਾਂ ਦੇ ਪਿਤਾ ਖ਼ਾਲਿਦ ਮਹਿਮੂਦ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਦੋਵਾਂ ਭਰਾਵਾਂ ਵਿਚਕਾਰ "ਜੱਦੀ ਜਾਇਦਾਦ ਦੀ ਵੰਡ" ਨੂੰ ਲੈ ਕੇ ਵਿਵਾਦ ਸੀ, ਪਰ ਉਨ੍ਹਾਂ ਨੇ "ਇਸ ਮਾਮਲੇ ਨੂੰ ਸੁਲਝਾ ਲਿਆ ਸੀ।"
ਉਹ ਕਹਿੰਦੇ ਹਨ, "ਮੇਰੇ ਚਾਰ ਪੁੱਤਰ ਸਨ। ਇੱਕ ਦੀ ਮੌਤ ਹੋ ਗਈ, ਦੂਜਾ ਯੂਰਪ ਚਲਾ ਗਿਆ, ਬਿਲਾਲ ਸਾਊਦੀ ਅਰਬ ਵਿੱਚ ਕੰਮ ਕਰਦਾ ਸੀ, ਜਦਕਿ ਸੁਫ਼ਿਆਨ ਪਾਕਿਸਤਾਨ ਵਿੱਚ ਮੇਰੇ ਨਾਲ ਰਹਿੰਦਾ ਸੀ। ਜਦੋਂ ਚਾਰ ਮਰਲੇ ਦੇ ਘਰ ਦੀ ਵੰਡ ਦੀ ਗੱਲ ਆਈ, ਤਾਂ ਮੈਂ ਬਿਲਾਲ ਨੂੰ ਪਿੰਡ ਤੋਂ ਬਾਹਰ 18 ਮਰਲੇ ਜ਼ਮੀਨ ਦੇ ਦਿੱਤੀ ਅਤੇ ਕਿਹਾ, 'ਹੁਣ ਘਰ ਵਿੱਚ ਤੇਰਾ ਕੋਈ ਹਿੱਸਾ ਨਹੀਂ ਹੋਵੇਗਾ।'"
ਖ਼ਾਲਿਦ ਮਹਿਮੂਦ ਦਾ ਦਾਅਵਾ ਹੈ ਕਿ "ਮੇਰਾ ਪੁੱਤਰ ਬਿਲਾਲ ਇਹ ਸਮਝਣ ਲੱਗ ਪਿਆ ਸੀ ਕਿ ਉਸ ਦਾ ਛੋਟਾ ਭਰਾ ਸੁਫ਼ਿਆਨ ਉਸ ਨਾਲ ਮਾੜਾ ਸਲੂਕ ਕਰ ਰਿਹਾ ਹੈ ਅਤੇ ਉਸ ਦੇ ਜਾਇਦਾਦ ਦੇ ਹੱਕਾਂ ਵਿੱਚ ਰੁਕਾਵਟ ਪਾ ਰਿਹਾ ਹੈ। ਉਸ ਨੂੰ ਇਹ ਵੀ ਲੱਗ ਰਿਹਾ ਸੀ ਕਿ ਜਾਇਦਾਦ ਦੀ ਵੰਡ ਦਾ ਇਹ ਕੰਮ ਉਸ ਦੇ ਪਿਤਾ ਨੇ ਨਹੀਂ, ਸਗੋਂ ਉਸ ਦੇ ਭਰਾ ਸੁਫ਼ਿਆਨ ਨੇ ਕੀਤਾ ਹੈ।"
ਖ਼ਾਲਿਦ ਮਹਿਮੂਦ ਕਹਿੰਦੇ ਹਨ, "ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰਾ ਪੁੱਤਰ ਬਿਲਾਲ ਇੰਨਾ ਭਿਆਨਕ ਕਦਮ ਚੁੱਕ ਲਵੇਗਾ।"
"ਸੁਫ਼ਿਆਨ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵਿੱਚ ਬਿਲਾਲ ਸਭ ਤੋਂ ਅੱਗੇ ਸੀ। ਉਹ ਹਰ ਕਿਸੇ ਨੂੰ ਗਲੇ ਲੱਗ ਕੇ ਰੋ ਰਿਹਾ ਸੀ ਅਤੇ ਕਹਿ ਰਿਹਾ ਸੀ, 'ਪਤਾ ਨਹੀਂ ਕਿਹੜੇ ਜ਼ਾਲਮਾਂ ਨੇ ਮੇਰੇ ਭਰਾ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਜਦੋਂ ਤੱਕ ਮੈਂ ਜਿਊਂਦਾ ਹਾਂ, ਆਪਣੇ ਭਰਾ ਦੇ ਖ਼ੂਨ ਦਾ ਬਦਲਾ ਜ਼ਰੂਰ ਲਵਾਂਗਾ।'"
ਖ਼ਾਲਿਦ ਮਹਿਮੂਦ ਨੇ ਦੱਸਿਆ ਕਿ ਦੋ ਦਿਨ ਬਾਅਦ ਜਦੋਂ ਪੁਲਿਸ ਨੇ ਕਿਹਾ ਕਿ ਉਹ ਪੁੱਛਗਿੱਛ ਲਈ ਬਿਲਾਲ ਨੂੰ ਥਾਣੇ ਲਿਜਾਣਾ ਚਾਹੁੰਦੇ ਹਨ, ਤਾਂ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਕਿਸ ਕਾਰਨ ਥਾਣੇ ਲਿਜਾਇਆ ਜਾ ਰਿਹਾ ਹੈ।
"ਸਾਨੂੰ ਲੱਗਾ ਕਿ ਸ਼ਾਇਦ ਕੋਈ ਬਿਆਨ ਵਗੈਰਾ ਦਰਜ ਕਰਵਾਉਣਾ ਹੋਵੇਗਾ, ਪਰ ਕੁਝ ਘੰਟਿਆਂ ਬਾਅਦ ਜਦੋਂ ਮੈਨੂੰ ਥਾਣੇ ਬੁਲਾਇਆ ਗਿਆ ਅਤੇ ਬਿਲਾਲ ਦੇ ਸਾਹਮਣੇ ਬਿਠਾਇਆ ਗਿਆ, ਤਾਂ ਉਸ ਦੇ ਹੱਥਾਂ ਵਿੱਚ ਹੱਥਕੜੀ ਲੱਗੀ ਹੋਈ ਸੀ।"
ਪਿਤਾ ਯਾਦ ਕਰਦਿਆਂ ਦੱਸਦੇ ਹਨ, "ਮੈਂ ਪਰੇਸ਼ਾਨ ਹੋ ਗਿਆ ਅਤੇ ਪੁਲਿਸ ਅਧਿਕਾਰੀ ਨੂੰ ਅਜਿਹਾ ਨਾ ਕਰਨ ਲਈ ਕਿਹਾ... ਇਸ 'ਤੇ ਅਧਿਕਾਰੀ ਨੇ ਜਵਾਬ ਦਿੱਤਾ, 'ਤੁਹਾਨੂੰ ਪਹਿਲਾਂ ਆਪਣੇ ਪੁੱਤਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਸੇ ਤੋਂ ਇਸ ਮਾਮਲੇ ਬਾਰੇ ਪੁੱਛਣਾ ਚਾਹੀਦਾ ਹੈ।'"
ਪੁਲਿਸ ਦਾ ਦਾਅਵਾ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਬਿਲਾਲ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਕਿਹਾ, "ਮੈਨੂੰ ਜਾਇਦਾਦ ਤੋਂ ਬੇਦਖ਼ਲ ਕਰਕੇ ਮੇਰੇ ਨਾਲ ਬੇਇਨਸਾਫ਼ੀ ਕੀਤੀ ਗਈ ਸੀ।"
ਬਿਲਾਲ ਡੇਢ ਸਾਲ ਤੋਂ ਸਾਊਦੀ ਅਰਬ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਇੱਕ ਟਰਾਲਰ ਚਲਾਉਂਦਾ ਸੀ। ਦੂਜੇ ਪਾਸੇ, ਮ੍ਰਿਤਕ ਸੁਫ਼ਿਆਨ ਦੋ ਸਾਲ ਮਲੇਸ਼ੀਆ ਵਿੱਚ ਰਹਿਣ ਤੋਂ ਬਾਅਦ ਪਾਕਿਸਤਾਨ ਵਾਪਸ ਆ ਗਿਆ ਸੀ ਅਤੇ ਹੁਣ ਯੂਰਪ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।
ਦੋਵਾਂ ਭਰਾਵਾਂ ਦੇ ਪਿਤਾ ਖ਼ਾਲਿਦ ਮਹਿਮੂਦ ਕਹਿੰਦੇ ਹਨ, "ਮੇਰੀ ਦੁਨੀਆ ਉੱਜੜ ਗਈ ਹੈ... ਜਿੰਨਾ ਦੁੱਖ ਮੈਨੂੰ ਹੋਇਆ ਹੈ, ਓਨਾ ਕਿਸੇ ਹੋਰ ਨੂੰ ਨਹੀਂ ਹੋਇਆ ਹੋਵੇਗਾ। ਮੇਰੇ ਦੋਵੇਂ ਪੁੱਤਰ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਗਏ ਹਨ। ਇੱਕ ਦਾ ਕਤਲ ਕਰ ਦਿੱਤਾ ਗਿਆ ਅਤੇ ਦੂਜਾ ਹਮੇਸ਼ਾ ਲਈ ਜੇਲ੍ਹ ਦੀਆਂ ਸਲਾਖਾਂ ਪਿੱਛੇ ਚਲਾ ਗਿਆ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ