'ਸੰਜੀਵਨੀ ਬੂਟੀ' ਵਜੋਂ ਪ੍ਰਚਾਰਿਆ ਜਾ ਰਿਹਾ 'ਸੀ ਬਕਥੋਰਨ' ਕੀ ਹੈ ਤੇ ਇਸਦੇ ਫਾਇਦਿਆਂ ਨੂੰ ਲੈ ਕੇ ਹੋ ਰਹੇ ਦਾਅਵਿਆਂ ਬਾਰੇ ਮਾਹਰ ਕੀ ਕਹਿੰਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
'ਇਹ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ, ਇਨਸਾਨ ਨੂੰ ਪੈਰ ਤੋਂ ਸਿਰ ਤੱਕ ਸਿਹਤਮੰਦ ਰੱਖਣ ਲਈ ਜੋ ਕੁਝ ਚਾਹੀਦਾ ਉਹ ਸਭ ਕੁਝ 'ਸੀ ਬਕਥੋਰਨ' ਵਿੱਚ ਹੈ।'
'ਸ਼ੂਗਰ, ਸਕਿਨ, ਇਮਿਊਨ ਸਿਸਟਮ ਸਭ ਨੂੰ ਸੁਪੋਰਟ ਕਰਦਾ ਹੈ 'ਸੀ ਬਕਥੋਰਨ''
ਸਿਹਤ ਸਬੰਧੀ ਲਾਹੇਵੰਦ ਹੋਣ ਦੇ ਅਜਿਹੇ ਬਹੁਤ ਸਾਰੇ ਦਾਅਵੇ ਸੋਸ਼ਲ ਮੀਡੀਆ 'ਤੇ ਤੁਸੀਂ ਵੀ ਸੁਣੇ ਜਾਂ ਦੇਖੇ ਹੋ ਸਕਦੇ ਹਨ।
ਪਰ ਇਹ 'ਸੀ ਬਕਥੋਰਨ' ਹੈ ਕੀ, ਕੀ ਅਸਲ ਵਿੱਚ ਇਹ ਸਿਹਤ ਲਈ ਇੰਨਾ ਫਾਇਦੇਮੰਦ ਹੈ, ਕੀ ਇਸਦੇ ਕੋਈ ਨੁਕਸਾਨ ਵੀ ਹਨ, ਇਸ ਨੂੰ ਕਿਵੇਂ ਲੈਣਾ ਚਾਹੀਦਾ, ਕਿਸ-ਕਿਸ ਨੂੰ ਫਾਇਦਾ ਪਹੁੰਚਾ ਸਕਦਾ, ਇਨ੍ਹਾਂ ਸਾਰੇ ਸਵਾਲਾਂ ਬਾਰੇ ਇਸ ਰਿਪੋਰਟ ਵਿੱਚ ਗੱਲ ਕਰਾਂਗੇ।
'ਸੀ ਬਕਥੋਰਨ' ਹੈ ਕੀ?

ਤਸਵੀਰ ਸਰੋਤ, Getty Images
ਅੱਜ-ਕੱਲ੍ਹ ਸੋਸ਼ਲ ਮੀਡੀਆ ਉੱਤੇ ਸੀ ਬਕਥੌਰਨ ਨੂੰ ਇੱਕ "ਸੁਪਰਫੂਡ" ਵਜੋਂ ਕਾਫ਼ੀ ਪ੍ਰਚਾਰ ਮਿਲ ਰਿਹਾ ਹੈ।
ਕਈ ਪੋਸਟਾਂ ਅਤੇ ਵੀਡੀਓਜ਼ ਵਿੱਚ ਇਸ ਨੂੰ ਇਮਿਊਨਿਟੀ ਵਧਾਉਣ, ਕੋਲੇਸਟਰੋਲ ਘਟਾਉਣ, ਸਕਿੱਨ ਨੂੰ ਜਵਾਨ ਰੱਖਣ, ਡਾਇਬਟੀਸ ਤੋਂ ਲੈ ਕੇ ਦਿਲ ਦੀ ਸਮੱਸਿਆ ਤੋਂ ਬਚਾਉਣ ਤੱਕ ਲਾਭਦਾਇਕ ਕਹਿ ਕੇ ਖੂਬ ਪ੍ਰਚਾਰਿਆ ਜਾ ਰਿਹਾ ਹੈ।
ਅਸਲ ਵਿੱਚ 'ਸੀ ਬਕਥੋਰਨ' ਗੂੜ੍ਹੇ ਸੰਤਰੀ ਰੰਗ ਦੀ ਇੱਕ ਬੇਰੀ ਵਰਗਾ ਫਲ ਹੈ, ਜੋ ਹਿਮਾਲਿਆ ਵਿੱਚ ਪਾਇਆ ਜਾਂਦਾ ਹੈ, ਖਾਸਕਰ ਲੱਦਾਖ ਵਰਗੇ ਠੰਢੇ ਤੇ ਉੱਚੇ ਇਲਾਕਿਆਂ ਵਿੱਚ। ਇਹ ਇੱਕ ਝਾੜੀ ਦੇ ਰੂਪ ਵਿੱਚ ਵਧਦਾ-ਫੁਲਦਾ ਹੈ, ਜਿਸ ਦੀਆਂ ਪੱਤੀਆਂ ਉੱਪਰ ਬੇਰੀਆਂ ਲੱਗਦੀਆਂ ਹਨ।
ਨੈਸ਼ਨਲ ਇੰਸਟੀਚਿਊਟਸ ਆਫ ਹੈਲਥ (NIH) ਮੁਤਾਬਕ "ਸੀ ਬਕਥੌਰਨ ਇੱਕ ਬਨਸਪਤੀ ਔਸ਼ਧੀ ਹੈ, ਜਿਸਦਾ ਪਾਚਨ ਸਬੰਧੀ ਰੋਗਾਂ ਦੇ ਇਲਾਜ ਵਿੱਚ ਔਸ਼ਧੀ ਵਜੋਂ ਵਰਤੋਂ ਦਾ ਲੰਮਾ ਇਤਿਹਾਸ ਰਿਹਾ ਹੈ। ਇਸ ਵਿੱਚ ਸੋਜਸ਼-ਰੋਧੀ, ਫਲੋਰਾ (ਅੰਤੜੀਆਂ ਦੇ ਚੰਗੇ ਅਤੇ ਮਾੜੇ ਬੈਕਟੀਰੀਆ ਦਾ ਸੰਤੁਲਨ ਬਣਾਈ ਰੱਖਣ ਵਾਲਾ) ਨੂੰ ਨਿਯਮਿਤ ਕਰਨ ਵਾਲੇ, ਰੋਗ-ਪ੍ਰਤੀਰੋਧਕ ਪ੍ਰਣਾਲੀ ਨੂੰ ਨਿਯਮਿਤ ਕਰਨ ਵਾਲੇ, ਅੰਤੜੀਆਂ ਦੀ ਰੱਖਿਆ ਕਰਨ ਵਾਲੇ ਅਤੇ ਕੈਂਸਰ-ਰੋਧੀ ਵਰਗੇ ਕਈ ਜੈਵਿਕ ਗੁਣ ਪਾਏ ਜਾਂਦੇ ਹਨ।"
ਸੋਸ਼ਲ ਮੀਡੀਆ ਦੇ ਦਾਅਵੇ ਕੀ ਹਨ?
ਕਈ ਬਰਾਂਡ ਕੰਪਨੀਆਂ 'ਸੀ ਬਕਥੋਰਨ' ਦਾ ਜੂਸ, ਕੈਪਸੂਲ, ਤੇਲ ਵਰਗੇ ਪ੍ਰੋਡਕਟ ਬਣਾ ਰਹੀਆਂ ਹਨ ਅਤੇ ਸੋਸ਼ਲ ਮੀਡੀਆ ਵਰਗੇ ਪਲੇਟਫਾਰਮ ਉਪਰ ਉਸਦਾ ਪ੍ਰਚਾਰ ਕੀਤਾ ਜਾ ਰਿਹਾ।
ਇਨ੍ਹਾਂ ਪੋਸਟਾਂ ਤੇ ਵੀਡੀਓਜ਼ ਵਿੱਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹੈ, ਜਿਵੇਂ ਕਿ:
- ਇਹ ਇਮਿਊਨਿਟੀ ਬਹੁਤ ਜ਼ਿਆਦਾ ਬੂਸਟ ਕਰਦਾ ਹੈ।
- ਇਹ ਕੈਂਸਰ ਦੇ ਇਲਾਜ ਲਈ ਫਾਇਦੇਮੰਦ ਹੈ
- ਇਹ ਕੋਲੇਸਟਰੋਲ ਘਟਾਉਂਦਾ ਹੈ
- ਸ਼ੂਗਰ ਨੂੰ ਕੰਟਰੋਲ ਕਰਦਾ ਹੈ
- ਪਾਚਨ ਪ੍ਰਣਾਲੀ ਲਈ ਚੰਗਾ ਹੈ
- ਚਮੜੀ ਨੂੰ ਨਿਖਾਰਦਾ ਹੈ
- ਦਿਲ ਦੀ ਸਮੱਸਿਆ ਲਈ ਚੰਗਾ ਹੈ
ਇਸ ਫਲ 'ਚ ਕੀ ਕੁਝ ਪਾਇਆ ਜਾਂਦਾ?

ਤਸਵੀਰ ਸਰੋਤ, renu verma
ਨੈਸ਼ਨਲ ਇੰਸਟੀਚਿਊਟਸ ਆਫ ਹੈਲਥ (NIH) ਮੁਤਾਬਕ 'ਸੀ ਬਕਥੋਰਨ' ਵਿੱਚ ਬਹੁਤ ਸਾਰੇ ਪੌਸ਼ਟਿਕ ਕਿਰਿਆਸ਼ੀਲ ਤੱਤ ਹੁੰਦੇ ਹਨ, ਜਿਵੇਂ ਕਿ ਵਿਟਾਮਿਨ, ਕੈਰੋਟੀਨੋਇਡ, ਪੌਲੀਫੇਨੋਲ, ਫੈਟੀ ਐਸਿਡ ਅਤੇ ਫਾਈਟੋਸਟੀਰੋਲ।
'ਸੀ ਬਕਥੋਰਨ' ਸਬੰਧੀ ਅਸੀਂ ਡਾਈਟੀਸ਼ੀਅਨ ਰੇਨੂੰ ਵਰਮਾ ਨਾਲ ਖਾਸ ਗੱਲਬਾਤ ਕੀਤੀ ਹੈ।
ਰੇਨੂੰ ਵਰਮਾ ਕਹਿੰਦੇ ਹਨ ਕਿ ਸੀ ਬਕਥੋਰਨ ਬਲੂਬੇਰੀ ਦੀ ਤਰ੍ਹਾਂ ਹੀ ਇੱਕ ਬੇਰੀ ਹੈ।
ਉਹ ਦੱਸਦੇ ਹਨ, "ਇਸ ਵਿੱਚ ਵਿਟਾਮਿਨ ਸੀ ਹੋਰਾਂ ਨਾਲੋਂ ਸਭ ਤੋਂ ਵੱਧ ਪਾਇਆ ਜਾਂਦਾ। ਇਸ ਦੀਆਂ 100 ਗ੍ਰਾਮ ਬੇਰੀਆਂ ਵਿੱਚੋਂ ਸਾਨੂੰ 200 ਤੋਂ 400 ਮਿਲੀਗ੍ਰਾਮ ਵਿਟਾਮਿਨ ਸੀ ਮਿਲ ਜਾਂਦਾ। ਇਹ ਇਕੱਲੀ ਅਜਿਹੀ ਬੇਰੀ ਹੈ, ਜਿਸ ਵਿੱਚ ਕੈਰੋਟੀਨੋਇਡ ਹਨ, ਜਿਵੇਂ ਕਿ ਇਸ ਵਿੱਚ ਵਿਟਾਮਿਨ ਸੀ ਵੀ ਹੈ ਅਤੇ ਵਿਟਾਮਿਨ ਈ ਵੀ ਹੈ, ਜੋ ਕਿ ਕਿਸੇ ਹੋਰ ਚੀਜ਼ ਵਿੱਚ ਨਹੀਂ ਪਾਇਆ ਜਾਂਦਾ।"
ਰੇਨੂੰ ਵਰਮਾ ਇਹ ਵੀ ਕਹਿੰਦੇ ਹਨ ਕਿ ਇਹ ਅਜਿਹੀ ਇਕੱਲੀ ਬੇਰੀ ਹੈ, ਜਿਸ ਵਿੱਚ ਓਮੇਗਾ 3, ਓਮੇਗਾ 6, ਓਮੇਗਾ 7 ਪਾਇਆ ਗਿਆ, ਜੋ ਕਿਸੇ ਹੋਰ ਵਿੱਚ ਨਹੀਂ ਮਿਲਦਾ।
ਮਾਹਰ ਇਸਦੇ ਫਾਇਦਿਆਂ ਬਾਰੇ ਕੀ ਕਹਿੰਦੇ ਹਨ?

ਤਸਵੀਰ ਸਰੋਤ, Getty Images
ਰੇਨੂੰ ਵਰਮਾ ਕਹਿੰਦੇ ਹਨ ਕਿ ਜੋ ਪੌਸ਼ਟਿਕ ਤੱਤ ਇਸ ਵਿੱਚ ਪਾਏ ਜਾਂਦੇ ਹਨ, ਉਹ ਸਭ ਕੁਝ ਕਿਸੇ ਹੋਰ ਫਲ, ਸਬਜ਼ੀ ਜਾਂ ਕਿਸੇ ਹੋਰ ਵਿੱਚੋਂ ਮਿਲਣਾ ਮੁਸ਼ਕਲ ਹੈ।
ਉਹ ਉਦਾਹਰਣ ਦੇ ਤੌਰ 'ਤੇ ਸਮਝਾਉਂਦੇ ਹਨ ਕਿ ਜਿਵੇਂ ਦਿੱਲੀ ਰਹਿਣ ਵਾਲੇ ਲੋਕ ਹਵਾ ਪ੍ਰਦੂਸ਼ਣ ਦੀ ਮਾਰ ਝੱਲਦੇ ਹਨ, ਜਿਸ ਨਾਲ ਸਰੀਰ ਵਿੱਚ ਤਣਾਅ ਬਣ ਜਾਂਦਾ ਹੈ ਤਾਂ ਇਸ ਬੇਰੀ ਵਿੱਚ ਉਹ ਸਾਰੇ ਤੱਤ ਹਨ, ਜਿਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਤੇ ਗਲਟ ਹੈਲਥ ਯਾਨੀ ਆਂਤੜੀਆਂ ਤੇ ਪਾਚਨ ਪ੍ਰਣਾਲੀ ਸਹੀ ਰਹਿੰਦੀ ਹੈ।
ਉਹ ਕਹਿੰਦੇ ਹਨ, "ਪਹਿਲਾਂ ਦੇ ਸਮਿਆਂ ਵਿੱਚ ਇਸ ਬੇਰੀ ਨੂੰ ਪਾਚਨ ਪ੍ਰਣਾਲੀ ਲਈ ਵੀ ਵਰਤਿਆ ਗਿਆ ਹੈ। ਇਹ ਇਮਿਊਨਿਟੀ ਲਈ ਐਂਟੀਓਕਸੀਡੈਂਟ ਹੈ। ਜੇ ਤੁਸੀਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਉਸ ਵਿੱਚ ਵਿਟਾਮਿਨ ਸੀ ਜ਼ਰੂਰ ਹੋਣਾ ਚਾਹੀਦਾ, ਜਿਵੇਂ ਲੋਕ ਵਿਟਾਮਿਨ ਸੀ ਲਈ ਆਵਲੇ ਦੀ ਵਰਤੋਂ ਕਰਦੇ ਹਨ ਕਿਉਂਕਿ ਆਵਲੇ ਵਿੱਚ ਵਿਟਾਮਿਨ ਸੀ ਭਰਪੂਰ ਹੁੰਦਾ ਪਰ ਇਸ ਵਿੱਚ ਆਵਲੇ ਨਾਲੋਂ ਦੁਗਣਾ ਵਿਟਾਮਿਨ ਸੀ ਪਾਇਆ ਜਾਂਦਾ।"
ਰੇਨੂੰ ਸਮਝਾਉਂਦੇ ਹਨ ਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਹੋਣ ਕਰਕੇ ਇਹ ਸਕਿੱਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
ਦਿੱਲੀ ਵਿੱਚ ਡਰਮਾਟੋਲੋਜਿਸਟ ਨਵਜੋਤ ਅਰੋੜਾ ਨਾਲ ਵੀ ਅਸੀਂ 'ਸੀ ਬਕਥੋਰਨ' ਬਾਰੇ ਖਾਸ ਗੱਲਬਾਤ ਕੀਤੀ ਹੈ।
ਡਾ. ਨਵਜੋਤ ਅਰੋੜਾ ਦੱਸਦੇ ਹਨ, "ਸੀ ਬਕਥੋਰਨ ਵਿੱਚ ਪਾਏ ਜਾਂਦੇ ਤੱਤਾਂ ਦੇ ਵੱਖਰੇ-ਵੱਖਰੇ ਫਾਇਦੇ ਹੁੰਦੇ ਹਨ। ਉਦਾਹਰਨ ਦੇ ਤੌਰ 'ਤੇ ਜਿਵੇਂ ਓਮੇਗਾ 7 ਹੈ, ਉਹ ਸੋਜ ਘੱਟ ਕਰਨ ਵਿੱਚ ਮਦਦ ਕਰਦਾ ਹੈ, ਸਕਿੱਨ ਬੈਰੀਅਰ ਦੀ ਰਿਪੇਅਰ ਕਰਦਾ ਹੈ। ਇਸੇ ਤਰ੍ਹਾਂ ਓਮੇਗਾ 6 ਤੇ ਓਮੇਗਾ 3 ਹਾਈਡ੍ਰੇਸ਼ਨ ਦਿੰਦਾ ਹੈ, ਜੋ ਧੁੱਪ ਤੋਂ ਬਚਾਅ ਵਿੱਚ ਮਦਦ ਕਰਦੇ ਹਨ ਤੇ ਐਂਟੀਏਜਿੰਗ ਵਿੱਚ ਮਦਦ ਕਰਦੇ ਹਨ।"
ਰੇਨੂੰ ਵੀ ਕਹਿੰਦੇ ਹਨ ਕਿ ਇਹ ਸੋਜ ਘੱਟ ਵਿੱਚ ਮਦਦ ਕਰਦਾ ਹੈ ਪਰ ਉਹ ਇਹ ਵੀ ਕਹਿੰਦੇ ਹਨ ਕਿ ਇਸ ਲਈ ਅਜੇ ਬਹੁਤ ਪੁਖਤਾ ਅਧਿਐਨ ਨਹੀਂ ਹਨ ਤੇ ਇਸ ਬਾਰੇ ਅਧਿਐਨ ਚੱਲ ਰਹੇ ਹਨ।
ਕੀ ਇਹ ਅਸਲ 'ਚ ਬਿਮਾਰੀਆਂ ਠੀਕ ਕਰਦਾ ਹੈ?

ਡਾ. ਨਵਜੋਤ ਅਰੋੜਾ ਇਸ ਗੱਲ ਉੱਪਰ ਵੀ ਜ਼ੋਰ ਦਿੰਦੇ ਹਨ ਕਿ ਸੀ ਬਕਥੋਰਨ ਕੋਈ ਬਿਮਾਰੀ ਸਿੱਧੇ ਤੌਰ 'ਤੇ ਠੀਕ ਨਹੀਂ ਕਰਦਾ, ਬਲਕਿ ਬਿਮਾਰੀ ਹੋਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ।
ਸੋਸ਼ਲ ਮੀਡੀਆ ਉੱਪਰ ਸੀ ਬਕਥੋਰਨ ਨੂੰ ਲੈ ਕੇ ਚੱਲਦੇ ਦਾਅਵਿਆਂ ਬਾਰੇ ਡਾ. ਨਵਜੋਤ ਕਹਿੰਦੇ ਹਨ ਕਿ ਜਦੋਂ ਤੱਕ ਕੋਈ ਹਿਊਮਨ ਜਾਂ ਲੈਬ ਟਰਾਇਲ ਆਧਾਰਿਤ ਅਧਿਐਨ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਪ੍ਰਚਾਰ ਕਰਨਾ ਕਿ ਇਹ ਬਿਮਾਰੀਆਂ ਠੀਕ ਕਰਦਾ ਹੈ, ਉਹ ਗਲਤ ਹੈ।
ਉਹ ਕਹਿੰਦੇ ਹਨ, "ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸਦੇ ਸਬੂਤ ਵੀ ਸਾਬਤ ਹੋ ਜਾਣ ਪਰ ਡਾਕਟਰੀ ਇਲਾਜ ਛੱਡ ਕੇ ਇਸ ਨੂੰ ਅਪਣਾਉਣਾ ਵੀ ਸਹੀ ਨਹੀਂ ਹੈ।"
ਰੇਨੂੰ ਵਰਮਾ ਕਹਿੰਦੇ ਹਨ ਕਿ ਇਸਦੇ ਕਈ ਫਾਇਦੇ ਹੋਣ ਕਰਕੇ ਮਾਰਕਿਟ ਵਿੱਚ ਕਈ ਕੰਪਨੀਆਂ ਇਸਦੀ ਦੁਰਵਰਤੋਂ ਵੀ ਕਰ ਸਕਦੀਆਂ ਹਨ।
ਉਹ ਕਹਿੰਦੇ ਹਨ,"ਜੇ ਇਸ ਨੂੰ ਕੁਦਰਤੀ ਫੋਰਮ ਵਿੱਚ ਹੀ ਖਾਦਾ ਜਾਵੇ ਤਾਂ ਫਾਇਦੇਮੰਦ ਹੈ। ਇਹ ਬਹੁਤ ਖੱਟਾ ਹੈ ਪਰ ਜੇ ਕੰਪਨੀਆਂ ਵਾਲੇ ਇਸ ਨੂੰ ਸਵਾਦ ਬਣਾਉਣ ਲਈ ਇਸ ਵਿੱਚ ਵੱਡੀ ਮਾਤਰਾ ਵਿੱਚ ਖੰਡ ਮਿਲਾ ਦੇਣ ਤਾਂ ਇਸਦਾ ਕੋਈ ਫਾਇਦਾ ਨਹੀਂ ਹੋਣਾ।"
ਰੇਨੂੰ ਕਹਿੰਦੇ ਹਨ ਕਿ ਆਨਲਾਈਨ ਇਸਦੀ ਜੋ ਵਿਕਰੀ ਹੋ ਰਹੀ ਹੈ, ਉਸਦੀ ਚੰਗੀ ਤਰ੍ਹਾਂ ਜਾਚ ਕੇ ਹੀ ਇਸ ਨੂੰ ਖਰੀਦਣਾ ਚਾਹੀਦਾ ਹੈ ਕਿ ਇਸ ਵਿੱਚ ਕਿਹੜੀ ਚੀਜ਼ ਕਿੰਨੀ-ਕਿੰਨੀ ਮਾਤਰਾ ਵਿੱਚ ਐਡ ਕੀਤੀ ਗਈ ਹੈ।
ਰੇਨੂੰ ਦੱਸਦੇ ਹਨ, "ਇਸ ਵਿੱਚ ਓਮੇਗਾ 3, ਓਮੇਗਾ 6 ਤੇ ਓਮੇਗਾ 7 ਹੋਣ ਕਰਕੇ ਇਹ ਬੁਰੇ ਕੋਲੇਸਟਰੋਲ ਨੂੰ ਘਟਾਉਂਦਾ ਹੈ। ਪਰ ਇਹ ਨਹੀਂ ਕੀਤਾ ਜਾਣਾ ਚਾਹੀਦਾ ਕਿ ਕਿਸੇ ਬਿਮਾਰੀ ਲਈ ਦਵਾਈ ਨੂੰ ਛੱਡ ਦਿੱਤਾ ਜਾਵੇ ਤੇ ਸਿਰਫ ਇਸ ਉੱਪਰ ਹੀ ਨਿਰਭਰ ਹੋ ਜਾਈਏ, ਉਹ ਗਲਤ ਹੈ। ਕੋਈ ਵੀ ਅਜਿਹੇ ਫੂਡ ਜਾਂ ਡਰਿੰਕ ਨਹੀਂ ਬਣੀ ਜਿਸ ਬਾਰੇ ਅਸੀਂ ਕਹੀਏ ਕਿ ਬਸ ਇਸ ਨਾਲ ਸਾਡੀ ਚੰਗੀ ਸਿਹਤ ਬਣ ਜਾਵੇਗੀ ਤੇ ਅਸੀਂ ਕਸਰਤ ਤੇ ਹੋਰ ਚੰਗੀਆਂ ਚੀਜ਼ਾਂ ਖਾਣੀਆਂ ਛੱਡ ਦੇਈਏ। ਇਹ ਵਾਧੂ ਫਾਇਦੇ ਤਾਂ ਜ਼ਰੂਰ ਦਿੰਦਾ ਹੈ ਪਰ ਤੁਸੀਂ ਆਪਣੀ ਜੀਵਨ ਸ਼ੈਲੀ ਸਿਰਫ ਇਸ ਦੇ ਆਧਾਰ 'ਤੇ ਨਹੀਂ ਬਦਲ ਸਕਦੇ।"
ਸੀ ਬਕਥੋਰਨ ਨੂੰ ਕਿੰਨੀ ਮਾਤਰਾ 'ਚ ਲੈਣਾ ਚਾਹੀਦਾ ਹੈ?
ਨਵਜੋਤ ਅਰੋੜਾ ਦੱਸਦੇ ਹਨ ਕਿ ਇਸ ਦੀਆਂ ਜੋ ਬੇਰੀਆਂ ਹਨ ਜਾਂ ਬੀਜ ਹਨ, ਉਨ੍ਹਾਂ ਨੂੰ ਹਜ਼ਮ ਕਰਨਾ ਔਖਾ ਹੈ।
ਇਸ ਨੂੰ ਕਿਵੇਂ ਲੈਣਾ ਚਾਹੀਦਾ ਹੈ, ਉਸ ਬਾਰੇ ਨਵਜੋਤ ਦੱਸਦੇ ਹਨ, "ਇਸਦਾ ਜੂਸ ਲਿਆ ਜਾ ਸਕਦਾ ਹੈ। ਦਿਨ ਵਿੱਚ ਜੂਸ ਨੂੰ 30 ਤੋਂ 60 ਐੱਮਐੱਲ ਲਿਆ ਜਾ ਸਕਦਾ ਹੈ। ਹੁਣ ਇਸਦਾ ਤੇਲ, ਕੈਪਸੂਲ ਤੇ ਚਾਹ ਵੀ ਆ ਗਈ ਹੈ, ਉਹ ਵੀ ਲਏ ਜਾ ਸਕਦੇ ਹਨ।"
"ਰੂਟੀਨ ਵਿੱਚ 1 ਗ੍ਰਾਮ ਤੇਲ ਲੈ ਸਕਦੇ ਹਾਂ, ਜੋ ਕੈਪਸੂਲ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਗਰੀਨ ਟੀ ਵਿੱਚ ਵੀ ਲੈ ਸਕਦੇ ਹੋ, ਉਸ ਨੂੰ ਉਬਾਲ ਕੇ ਪੀਣਾ ਸਹੀ ਹੈ।"
ਕੀ ਇਸਦੇ ਕੋਈ ਨੁਕਸਾਨ ਵੀ ਹਨ?

ਤਸਵੀਰ ਸਰੋਤ, Getty Images
ਨਵਜੋਤ ਅਰੋੜਾ ਦੱਸਦੇ ਹਨ ਕਿ ਨਾ ਤਾ ਇਹ ਸ਼ੂਗਰ ਨੂੰ ਵਧਾਉਂਦਾ ਹੈ ਤੇ ਨਾ ਹੀ ਬਲੱਡ ਪ੍ਰੈਸ਼ਰ ਵਧਾਉਂਦਾ ਹੈ।
ਉਹ ਕਹਿੰਦੇ ਹਨ, "ਅਜੇ ਤੱਕ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਕਿ ਇਹ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਵਧਾਉਂਦਾ ਹੈ, ਸੋ ਇਸ ਨੂੰ ਲੈਣ 'ਤੇ ਕੋਈ ਮਨਾਹੀ ਤਾਂ ਨਹੀਂ ਹੈ ਪਰ ਜੇ ਕਿਸੇ ਨੂੰ ਇਸ ਨੂੰ ਲੈਣ ਕਾਰਨ ਐਲਰਜੀ ਹੈ ਤਾਂ ਉਸ ਨੂੰ ਇਹ ਨਹੀਂ ਲੈਣਾ ਚਾਹੀਦਾ। ਪਰ ਮਾਰਕਿਟ ਵਿੱਚ ਕਈ ਪ੍ਰੋਡਕਟਾਂ ਵਿੱਚ ਪ੍ਰੀਮਿਕਸ ਸ਼ੂਗਰ ਹੁੰਦੀ ਹੈ ਤਾਂ ਉਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।"
"ਕਿਸੇ ਕਿਸੇ ਦਾ ਪੇਟ ਖਰਾਬ ਹੋ ਜਾਂਦਾ ਹੈ ਤਾਂ ਉਸ ਲਈ ਜਾਂ ਇਸ ਨੂੰ ਘੱਟ ਮਾਤਰਾ ਵਿੱਚ ਲੈਣਾ ਚਾਹੀਦਾ ਜਾਂ ਫਿਰ ਕਿਸੇ ਨੂੰ ਬਿਲਕੁਲ ਵੀ ਮਾਫਕ ਨਹੀਂ ਹੁੰਦਾ ਤਾਂ ਉਸ ਨੂੰ ਬੰਦ ਕਰ ਦੇਣਾ ਚਾਹੀਦਾ, ਨਹੀਂ ਲੈਣਾ ਚਾਹੀਦਾ।"
ਰੇਨੂੰ ਵਰਮਾ ਦੱਸਦੇ ਹਨ ਕਿ ਜਿਸ ਨੂੰ ਕਿਡਨੀ ਨਾਲ ਕੋਈ ਸਮੱਸਿਆ ਹੈ ਜਾਂ ਪੇਟ ਦੀ ਸਮੱਸਿਆ ਹੈ ਤਾਂ ਉਸ ਨੂੰ ਡਾਕਟਰ ਦੀ ਜਾਂ ਡਾਈਟੀਸ਼ੀਅਨ ਦੀ ਸਲਾਹ ਨਾਲ ਹੀ ਇਸ ਨੂੰ ਲੈਣਾ ਚਾਹੀਦਾ ਹੈ ਪਰ ਜੋ ਇੱਕ ਸਿਹਤਮੰਦ ਵਿਅਕਤੀ ਹੈ, ਉਸ ਲਈ ਇਹ ਫਾਇਦੇਮੰਦ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


































