ਰਾਹੁਲ ਗਾਂਧੀ ਦੀ ਰਾਮਲੀਲਾ ਮੈਦਾਨ ਰੈਲੀ: ਭਾਜਪਾ ਨੇ ਕਾਂਗਰਸ ਨੂੰ ਸਿੱਖ ਵਿਰੋਧੀ ਦੰਗਿਆਂ 'ਤੇ ਕਿਉਂ ਘੇਰਿਆ

    • ਲੇਖਕ, ਅਭਿਸ਼ੇਕ ਪ੍ਰਤਾਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਵਿਰੋਧੀ ਗਠਜੋੜ 'ਇੰਡੀਆ ਗਠਜੋੜ' ਵੱਲੋਂ 1 ਨਵੰਬਰ 2026 ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਸੱਦੀ ਗਈ 'ਵੋਟ ਬਚਾਓ-ਦੇਸ਼ ਬਚਾਓ' ਮਹਾਰੈਲੀ, ਪ੍ਰਬੰਧ ਤੋਂ ਪਹਿਲਾਂ ਹੀ ਦੋਹਰੇ ਵਿਵਾਦ ਦੇ ਕੇਂਦਰ ਵਿੱਚ ਆ ਗਈ ਹੈ।

ਇੱਕ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 1 ਨਵੰਬਰ ਨੂੰ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਤਿਹਾਸ ਨਾਲ ਜੋੜਦਿਆਂ ਰਾਹੁਲ ਗਾਂਧੀ ਦੀ ਮਨਸ਼ਾ 'ਤੇ ਹਮਲਾ ਬੋਲਿਆ ਹੈ।

ਦੂਜੇ ਪਾਸੇ, ਦਿੱਲੀ ਦੇ ਵਪਾਰਕ ਸੰਗਠਨ ਚੈਂਬਰ ਆਫ਼ ਟ੍ਰੇਡ ਐਂਡ ਇੰਡਸਟਰੀ (ਸੀਟੀਆਈ) ਨੇ ਧਨਤੇਰਸ ਅਤੇ ਦੀਵਾਲੀ ਦੇ ਤਿਉਹਾਰੀ ਸੀਜ਼ਨ ਦੌਰਾਨ ਲਗਭਗ 10 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਉਂਦਿਆਂ ਰੈਲੀ 10 ਨਵੰਬਰ ਤੋਂ ਬਾਅਦ ਕਰਵਾਉਣ ਦੀ ਅਪੀਲ ਕੀਤੀ ਹੈ।

ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ, ਭਾਵ (ਐੱਸਆਈਆਰ), ਚੋਣ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਸਤਾਵਿਤ ਇਸ ਮਹਾਰੈਲੀ ਲਈ ਦਿੱਲੀ ਪੁਲਿਸ ਪਹਿਲਾਂ ਹੀ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨਓਸੀ) ਜਾਰੀ ਕਰ ਚੁੱਕੀ ਹੈ।

ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲੋਕਾਂ ਨੂੰ 1 ਨਵੰਬਰ ਨੂੰ ਪ੍ਰਸਤਾਵਿਤ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਖ਼ਾਸ ਗੱਲ ਇਹ ਹੈ ਕਿ ਅਕਤੂਬਰ 2026 ਵਿੱਚ ਦਿੱਲੀ ਪੁਲਿਸ ਵੱਲੋਂ ਜੰਤਰ-ਮੰਤਰ ਨੂੰ ਅਧਿਕਾਰਤ ਧਰਨਾ-ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾਏ ਜਾਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਨਵੇਂ ਰੈਲੀ ਜਾਂ ਧਰਨਾ ਸਥਾਨ ਵਜੋਂ ਰਾਮਲੀਲਾ ਮੈਦਾਨ ਵਿੱਚ ਇੰਨੇ ਵੱਡੇ ਪੱਧਰ 'ਤੇ ਕੋਈ ਕੌਮੀ ਸਿਆਸੀ ਪਾਰਟੀ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੀ ਹੈ।

'ਇਹ ਰਾਹੁਲ ਗਾਂਧੀ ਦੀ ਜ਼ਿੱਦ ਹੈ'

ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਕਰਵਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਕਿਹਾ, "ਰਾਹੁਲ ਗਾਂਧੀ ਨੂੰ 1 ਨਵੰਬਰ ਨੂੰ ਦਿੱਲੀ ਵਿੱਚ ਆਪਣੀ ਰੈਲੀ ਕਰਨ ਦੀ ਅਜਿਹੀ ਕੀ ਜ਼ਿੱਦ ਹੈ? 1 ਨਵੰਬਰ (1984) ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਦਿਨ ਹੈ, ਜਦੋਂ 1984 ਵਿੱਚ ਕਤਲੇਆਮ ਹੋਇਆ ਸੀ। 1 ਨਵੰਬਰ ਨੂੰ ਰਾਮਲੀਲਾ ਮੈਦਾਨ ਵਿੱਚ ਹੰਗਾਮਾ ਖੜ੍ਹਾ ਕਰਕੇ ਤੁਸੀਂ ਉਨ੍ਹਾਂ ਦੇ ਜ਼ਖ਼ਮਾਂ 'ਤੇ ਲੂਣ ਕਿਉਂ ਛਿੜਕਣਾ ਚਾਹੁੰਦੇ ਹੋ?"

ਉਨ੍ਹਾਂ ਕਿਹਾ, "ਅਸੀਂ ਸੁਣਿਆ ਹੈ ਕਿ ਉਨ੍ਹਾਂ ਦੇ ਗਠਜੋੜ ਵਿੱਚ ਵੀ ਬਹੁਤ ਸਾਰੇ ਲੋਕ ਇਸ ਗੱਲ ਤੋਂ ਸੰਤੁਸ਼ਟ ਨਹੀਂ ਸਨ। ਇਹ ਰਾਹੁਲ ਗਾਂਧੀ ਦਾ ਅਸਲੀ ਚਿਹਰਾ ਹੈ ਕਿ ਜਦੋਂ ਮੇਰੀ ਜ਼ਿੱਦ ਹੈ ਤਾਂ ਮੇਰੀ ਜ਼ਿੱਦ ਹੈ, ਮੈਂ ਕਿਸੇ ਦੀ ਨਹੀਂ ਸੁਣਾਂਗਾ।"

ਇਸ ਤੋਂ ਪਹਿਲਾਂ ਚਾਂਦਨੀ ਚੌਕ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਕੈਟ) ਦੇ ਕੌਮੀ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਨੇ ਵੀ ਦਿੱਲੀ ਵਿੱਚ ਲਗਾਤਾਰ ਹੋ ਰਹੇ ਵਿਰੋਧ ਪ੍ਰਦਰਸ਼ਨਾਂ 'ਤੇ ਚਿੰਤਾ ਜਤਾਈ ਸੀ।

ਏਐੱਨਆਈ ਨੂੰ ਦਿੱਤੇ ਆਪਣੇ ਬਿਆਨ ਵਿੱਚ ਖੰਡੇਲਵਾਲ ਨੇ ਕਿਹਾ ਸੀ ਕਿ ਦਿੱਲੀ ਵਿੱਚ ਕਿਸੇ ਵੀ ਲੰਬੇ ਵਿਰੋਧ ਪ੍ਰਦਰਸ਼ਨ ਜਾਂ ਰੈਲੀ ਦਾ ਵਪਾਰਕ ਲੈਣ-ਦੇਣ ਅਤੇ ਸ਼ਹਿਰ ਤੋਂ ਬਾਹਰ ਤੱਕ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ 'ਤੇ ਵੱਡੇ ਪੱਧਰ 'ਤੇ ਅਸਰ ਪੈਂਦਾ ਹੈ।

ਉਨ੍ਹਾਂ ਕਿਹਾ, "ਇੱਕ ਅਧਿਕਾਰ ਦੀ ਰੱਖਿਆ ਕਰਨ ਦਾ ਮਤਲਬ ਦੂਜੇ ਦੀ ਅਣਦੇਖੀ ਕਰਨਾ ਨਹੀਂ ਹੋਣਾ ਚਾਹੀਦਾ। ਇਸ ਵਿੱਚ ਲੋਕਤੰਤਰੀ ਪ੍ਰਗਟਾਵੇ, ਕਾਨੂੰਨ ਦੇ ਰਾਜ, ਆਰਥਿਕ ਗਤੀਵਿਧੀਆਂ ਅਤੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ, ਸਾਰਿਆਂ ਦਾ ਉਚਿਤ ਸਨਮਾਨ ਹੋਣਾ ਚਾਹੀਦਾ ਹੈ।"

ਇੰਡੀਆ ਗਠਜੋੜ ਦੇ ਆਗੂਆਂ ਨੇ ਕੀ ਕਿਹਾ

1 ਨਵੰਬਰ ਨੂੰ ਪ੍ਰਸਤਾਵਿਤ ਇੰਡੀਆ ਗਠਜੋੜ ਦੀ ਰੈਲੀ ਬਾਰੇ ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਦੇ ਬਿਆਨ 'ਤੇ ਕਾਂਗਰਸ ਆਗੂ ਰਾਸ਼ਿਦ ਅਲਵੀ ਨੇ ਪਲਟਵਾਰ ਕੀਤਾ।

ਉਨ੍ਹਾਂ ਕਿਹਾ, "ਕੀ ਰਵੀਸ਼ੰਕਰ ਪ੍ਰਸਾਦ ਪਹਿਲੀ ਤਾਰੀਖ਼ (1 ਨਵੰਬਰ) ਨੂੰ ਖਾਣਾ ਨਹੀਂ ਖਾਣਗੇ? ਕੀ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਅਜਿਹਾ ਨਹੀਂ ਕਰਨਗੇ? ਪਹਿਲੀ ਤਾਰੀਖ਼ ਨਾਲ ਇਸ ਦਾ ਕੀ ਲੈਣਾ-ਦੇਣਾ ਹੈ?"

ਉਨ੍ਹਾਂ ਨੇ ਅੱਗੇ ਭਾਜਪਾ ਨੂੰ ਸਵਾਲ ਪੁੱਛਿਆ, "ਮੈਂ ਰਵੀਸ਼ੰਕਰ ਪ੍ਰਸਾਦ ਨੂੰ ਬਹੁਤ ਅਦਬ ਨਾਲ ਪੁੱਛਣਾ ਚਾਹੁੰਦਾ ਹਾਂ ਕਿ ਆਰਐੱਸਐੱਸ ਦੇ ਵੱਡੇ ਆਗੂ ਨਾਨਾਜੀ ਦੇਸ਼ਮੁਖ ਸਨ, ਕੀ ਉਨ੍ਹਾਂ ਨੇ ਉਨ੍ਹਾਂ ਦਾ ਨਾਂ ਸੁਣਿਆ ਹੈ?"

"ਉਨ੍ਹਾਂ (ਨਾਨਾਜੀ ਦੇਸ਼ਮੁਖ) ਨੇ ਸਿੱਖ ਵਿਰੋਧੀ ਦੰਗਿਆਂ ਨੂੰ ਸਹੀ ਠਹਿਰਾਇਆ ਸੀ। ਅਜਿਹਾ ਕੰਮ ਤਾਂ ਕਿਸੇ ਨੇ ਨਹੀਂ ਕੀਤਾ। ਅਸੀਂ ਅੱਜ ਵੀ ਕਹਿੰਦੇ ਹਾਂ ਕਿ ਸਿੱਖ ਭਰਾਵਾਂ ਨਾਲ ਜ਼ੁਲਮ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ ਸੀ... ਜ਼ਖ਼ਮਾਂ 'ਤੇ ਲੂਣ ਛਿੜਕਣ ਨੂੰ ਇਹ ਕਹਿੰਦੇ ਹਨ।"

ਇੰਡੀਆ ਗਠਜੋੜ ਦੇ ਸਹਿਯੋਗੀ ਅਤੇ ਸੀਪੀਆਈ ਦੇ ਸੰਸਦ ਮੈਂਬਰ ਪੀ. ਸੰਤੋਸ਼ ਕੁਮਾਰ ਨੇ ਰਵੀਸ਼ੰਕਰ ਪ੍ਰਸਾਦ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ, "ਇਨ੍ਹਾਂ ਸਾਰੇ ਘਟਨਾਕ੍ਰਮਾਂ ਅਤੇ ਵੱਡੇ ਪੱਧਰ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਦੇਖ ਕੇ ਭਾਜਪਾ ਪੂਰੀ ਤਰ੍ਹਾਂ ਬੌਖਲਾ ਗਈ ਹੈ। 1 ਨਵੰਬਰ ਨੂੰ ਇੱਕ ਵਿਸ਼ਾਲ ਰੈਲੀ ਕਰਵਾਉਣ ਵਿੱਚ ਕੀ ਦਿੱਕਤ ਹੈ?"

ਉਨ੍ਹਾਂ ਇਹ ਵੀ ਕਿਹਾ, "ਇਹ ਫ਼ੈਸਲਾ ਇੰਡੀਆ ਗਠਜੋੜ ਦੀਆਂ ਪਾਰਟੀਆਂ ਨੇ ਬਹੁਤ ਪਹਿਲਾਂ ਹੀ ਲੈ ਲਿਆ ਸੀ। ਇਹ ਇੱਕ ਬਹੁਤ ਵੱਡੀ ਰੈਲੀ ਹੋਵੇਗੀ, ਜਿਸ ਵਿੱਚ ਲਗਭਗ 10 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।"

ਦਿੱਲੀ ਪੁਲਿਸ ਨੇ ਕੀ ਕਿਹਾ?

ਪ੍ਰਸ਼ਾਸਨਿਕ ਪੱਧਰ 'ਤੇ ਦਿੱਲੀ ਪੁਲਿਸ ਨੇ 17 ਅਕਤੂਬਰ 2026 ਨੂੰ ਹੀ ਇਸ ਰੈਲੀ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਸਮਾਚਾਰ ਏਜੰਸੀ ਪੀਟੀਆਈ (PTI) ਨੂੰ ਦਿੱਤੇ ਅਧਿਕਾਰਤ ਬਿਆਨ ਵਿੱਚ ਡੀਸੀਪੀ ਸੈਂਟਰਲ ਰੋਹਿਤ ਰਾਜਬੀਰ ਸਿੰਘ ਨੇ ਦੱਸਿਆ ਕਿ ਕਾਂਗਰਸ ਦੀ ਅਰਜ਼ੀ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਹੋਈ ਚਰਚਾ ਤੋਂ ਬਾਅਦ ਤੈਅ ਵਿਰੋਧ ਪ੍ਰਦਰਸ਼ਨ ਸਥਾਨ ਰਾਮਲੀਲਾ ਮੈਦਾਨ ਵਿੱਚ ਰੈਲੀ ਲਈ 25 ਅਕਤੂਬਰ ਤੋਂ 3 ਨਵੰਬਰ ਤੱਕ ਇਤਰਾਜ਼ ਨਹੀਂ ਸਰਟੀਫਿਕੇਟ (ਐੱਨਓਸੀ) ਜਾਰੀ ਕਰ ਦਿੱਤਾ ਗਿਆ ਹੈ।

ਹਾਲਾਂਕਿ, ਅਜੇ ਤੱਕ ਕਾਂਗਰਸ ਜਾਂ ਇੰਡੀਆ ਗਠਜੋੜ ਵਿੱਚ ਸ਼ਾਮਲ ਕਿਸੇ ਵੀ ਪਾਰਟੀ ਵੱਲੋਂ ਰਾਮਲੀਲਾ ਮੈਦਾਨ ਵਿੱਚ 1 ਨਵੰਬਰ ਨੂੰ ਪ੍ਰਸਤਾਵਿਤ ਰੈਲੀ ਦੀ ਤਾਰੀਖ਼ ਵਿੱਚ ਬਦਲਾਅ ਬਾਰੇ ਕੋਈ ਖ਼ਬਰ ਨਹੀਂ ਮਿਲੀ ਹੈ।

ਰਾਮਲੀਲਾ ਮੈਦਾਨ ਦੇ ਆਲੇ-ਦੁਆਲੇ ਤਿਉਹਾਰੀ ਕਾਰੋਬਾਰ ਦਾ ਗਣਿਤ

ਸਿਆਸੀ ਇਲਜ਼ਾਮਾਂ ਤੋਂ ਇਲਾਵਾ, ਇਸ ਰੈਲੀ ਦਾ ਸਭ ਤੋਂ ਵੱਡਾ ਵਿਹਾਰਕ ਪਹਿਲੂ ਦਿੱਲੀ ਦੇ ਥੋਕ ਅਤੇ ਪ੍ਰਚੂਨ ਬਾਜ਼ਾਰਾਂ ਨਾਲ ਜੁੜਿਆ ਹੋਇਆ ਹੈ।

ਸਮਾਚਾਰ ਏਜੰਸੀ ਏਐੱਨਆਈ ਮੁਤਾਬਕ, ਸ਼ਨੀਵਾਰ ਨੂੰ ਚੈਂਬਰ ਆਫ਼ ਟ੍ਰੇਡ ਐਂਡ ਇੰਡਸਟਰੀ (ਸੀਟੀਆਈ) ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਰਾਹੁਲ ਗਾਂਧੀ ਨੂੰ ਰਸਮੀ ਪੱਤਰ ਲਿਖ ਕੇ ਅਪੀਲ ਕੀਤੀ ਕਿ 1 ਨਵੰਬਰ ਦੀ ਰੈਲੀ 10 ਨਵੰਬਰ, ਯਾਨੀ ਭਾਈ ਦੂਜ ਤੋਂ ਬਾਅਦ ਕਰਵਾਈ ਜਾਵੇ।

ਸਾਲ 2026 ਦੇ ਕੈਲੰਡਰ ਮੁਤਾਬਕ, ਆਉਣ ਵਾਲੀ 6 ਨਵੰਬਰ ਨੂੰ ਧਨਤੇਰਸ, 8 ਨਵੰਬਰ ਨੂੰ ਦੀਵਾਲੀ ਅਤੇ 10 ਨਵੰਬਰ ਨੂੰ ਭਾਈ ਦੂਜ ਦਾ ਤਿਉਹਾਰ ਹੈ।

ਅਜਿਹੇ ਵਿੱਚ 1 ਨਵੰਬਰ ਦਾ ਐਤਵਾਰ ਧਨਤੇਰਸ ਤੋਂ ਠੀਕ ਪੰਜ ਦਿਨ ਪਹਿਲਾਂ ਪੈ ਰਿਹਾ ਹੈ, ਜੋ ਥੋਕ ਮਾਲ ਦੀ ਖ਼ਰੀਦ ਅਤੇ ਤਿਉਹਾਰੀ ਖ਼ਰੀਦਦਾਰੀ ਦਾ ਸਭ ਤੋਂ ਰੁਝੇਵਿਆਂ ਭਰਿਆ ਹਫ਼ਤਾ ਹੁੰਦਾ ਹੈ।

ਜਿਸ ਥਾਂ 'ਤੇ ਰਾਮਲੀਲਾ ਮੈਦਾਨ ਸਥਿਤ ਹੈ, ਉਸ ਦੀ ਸਥਿਤੀ ਹੀ ਵਪਾਰੀਆਂ ਦੀ ਚਿੰਤਾ ਦਾ ਮੁੱਖ ਕਾਰਨ ਹੈ।

ਕੇਂਦਰੀ ਦਿੱਲੀ ਅਤੇ ਪੁਰਾਣੀ ਦਿੱਲੀ ਦੇ ਵਿਚਕਾਰ ਸਥਿਤ ਰਾਮਲੀਲਾ ਮੈਦਾਨ ਦੇ ਚਾਰੇ ਪਾਸੇ ਦਿੱਲੀ ਦੇ ਅੱਠ ਤੋਂ ਵੱਧ ਵੱਡੇ ਥੋਕ ਅਤੇ ਪ੍ਰਚੂਨ ਬਾਜ਼ਾਰ ਹਨ, ਜਿੱਥੇ ਹਜ਼ਾਰਾਂ ਦੁਕਾਨਾਂ ਚੱਲਦੀਆਂ ਹਨ।

ਚਾਂਦਨੀ ਚੌਕ ਵਿੱਚ ਜਿੱਥੇ ਗਹਿਣਿਆਂ ਅਤੇ ਤਿਉਹਾਰਾਂ ਦੇ ਕੱਪੜਿਆਂ ਦਾ ਵੱਡੇ ਪੱਧਰ 'ਤੇ ਥੋਕ ਅਤੇ ਪ੍ਰਚੂਨ ਕਾਰੋਬਾਰ ਹੁੰਦਾ ਹੈ, ਉੱਥੇ ਹੀ ਸਦਰ ਬਾਜ਼ਾਰ ਵਿੱਚ ਸਜਾਵਟੀ ਸਾਮਾਨ, ਤੋਹਫ਼ਿਆਂ ਦੀਆਂ ਵਸਤਾਂ, ਬਰਤਨ, ਖਿਡੌਣੇ, ਪਲਾਸਟਿਕ ਅਤੇ ਘਰੇਲੂ ਉਤਪਾਦਾਂ ਦੀ ਖ਼ਰੀਦਦਾਰੀ ਲਈ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਖ਼ਰੀਦਦਾਰ ਪਹੁੰਚਦੇ ਹਨ।

ਦੀਵਾਲੀ ਦੇ ਮੌਕੇ 'ਤੇ ਭਾਗੀਰਥ ਪੈਲੇਸ ਅਤੇ ਚਾਵੜੀ ਬਾਜ਼ਾਰ ਵਿੱਚ ਬਿਜਲੀ ਦਾ ਸਾਮਾਨ ਖ਼ਰੀਦਣ ਲਈ ਹਜ਼ਾਰਾਂ ਲੋਕ ਪਹੁੰਚਦੇ ਹਨ। ਇਹ ਥੋਕ ਬਾਜ਼ਾਰ ਹਨ। ਜਦਕਿ ਚਾਵੜੀ ਬਾਜ਼ਾਰ ਵਿੱਚ ਕਾਗਜ਼, ਕਾਰਡ, ਪਿੱਤਲ-ਤਾਂਬੇ ਦੇ ਬਰਤਨਾਂ ਅਤੇ ਮੂਰਤੀਆਂ ਦਾ ਵੱਡਾ ਕਾਰੋਬਾਰ ਹੈ।

ਬ੍ਰਿਜੇਸ਼ ਗੋਇਲ ਨੇ ਰਾਹੁਲ ਗਾਂਧੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਅਕਤੂਬਰ ਮਹੀਨੇ ਵਿੱਚ ਪਹਿਲਾਂ ਹੋਏ ਵਿਰੋਧ ਪ੍ਰਦਰਸ਼ਨਾਂ, ਬੈਰੀਕੇਡਿੰਗ, ਮੈਟਰੋ ਸਟੇਸ਼ਨਾਂ ਅਤੇ ਸੜਕਾਂ ਦੇ ਬੰਦ ਰਹਿਣ ਕਾਰਨ ਦਿੱਲੀ ਦੇ ਵਪਾਰੀਆਂ ਨੂੰ ਪਹਿਲਾਂ ਹੀ ਲਗਭਗ 3,000 ਕਰੋੜ ਰੁਪਏ ਦਾ ਅਨੁਮਾਨਿਤ ਨੁਕਸਾਨ ਝੱਲਣਾ ਪਿਆ ਹੈ।

ਨਵੀਂ ਦਿੱਲੀ ਰੇਲਵੇ ਸਟੇਸ਼ਨ (ਅਜਮੇਰੀ ਗੇਟ ਵਾਲੇ ਪਾਸੇ) ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਰਾਮਲੀਲਾ ਮੈਦਾਨ ਦੇ ਬਹੁਤ ਨੇੜੇ ਹਨ।

ਇਸ ਲਈ ਹਰਿਆਣਾ, ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰ ਸੂਬਿਆਂ ਤੋਂ ਰੋਜ਼ਾਨਾ ਆਉਣ ਵਾਲੇ ਲੱਖਾਂ ਥੋਕ ਵਪਾਰੀਆਂ ਅਤੇ ਖ਼ਰੀਦਦਾਰਾਂ ਦੀ ਆਵਾਜਾਈ ਰੈਲੀ ਅਤੇ ਪ੍ਰਸਤਾਵਿਤ ਮਾਰਚ ਦੌਰਾਨ ਆਵਾਜਾਈ ਦੇ ਰਸਤੇ ਬਦਲੇ ਜਾਣ ਅਤੇ ਬੈਰੀਕੇਡਿੰਗ ਕਾਰਨ ਪ੍ਰਭਾਵਿਤ ਹੋਵੇਗੀ।

ਸੀਟੀਆਈ ਨੇ ਖ਼ਦਸ਼ਾ ਜਤਾਇਆ ਹੈ ਕਿ ਭੀੜ ਅਤੇ ਜਾਮ ਦੇ ਡਰ ਕਾਰਨ ਬਾਹਰਲੇ ਖ਼ਰੀਦਦਾਰ ਦਿੱਲੀ ਆਉਣ ਤੋਂ ਗੁਰੇਜ਼ ਕਰਨਗੇ, ਜਿਸ ਨਾਲ ਪੀਕ ਸੀਜ਼ਨ ਦਾ ਲਗਭਗ 10,000 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ।

ਜੰਤਰ-ਮੰਤਰ ਨੂੰ ਹਟਾਏ ਜਾਣ ਤੋਂ ਬਾਅਦ ਰਾਮਲੀਲਾ ਮੈਦਾਨ ਵਿੱਚ ਪਹਿਲੀ ਵੱਡੀ ਰੈਲੀ

ਦਿੱਲੀ ਪੁਲਿਸ ਨੇ 11 ਅਕਤੂਬਰ 2026 ਨੂੰ ਨਵਾਂ ਸਥਾਈ ਹੁਕਮ ਜਾਰੀ ਕਰਕੇ ਜੰਤਰ-ਮੰਤਰ ਨੂੰ ਅਧਿਕਾਰਤ ਧਰਨਾ-ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ (ਡੀਨੋਟੀਫਾਈ ਕਰ ਦਿੱਤਾ) ਹੈ।

ਅਕਤੂਬਰ 2026 ਦੇ ਨਵੇਂ ਹੁਕਮ ਤਹਿਤ ਨਵੀਂ ਦਿੱਲੀ ਜ਼ਿਲ੍ਹੇ ਤੋਂ ਬਾਹਰ ਤਿੰਨ ਨਵੇਂ ਪ੍ਰਦਰਸ਼ਨ ਸਥਾਨਾਂ ਦਾ ਐਲਾਨ ਕੀਤਾ ਗਿਆ।

ਕੇਂਦਰੀ ਦਿੱਲੀ ਦਾ ਰਾਮਲੀਲਾ ਮੈਦਾਨ (ਜੰਤਰ-ਮੰਤਰ ਤੋਂ ਲਗਭਗ 4 ਕਿਲੋਮੀਟਰ ਦੂਰ), ਪੂਰਬੀ ਦਿੱਲੀ ਦਾ ਸੀਬੀਡੀ ਗਰਾਊਂਡ (12 ਤੋਂ 13 ਕਿਲੋਮੀਟਰ ਦੂਰ) ਅਤੇ ਉੱਤਰੀ ਦਿੱਲੀ ਦਾ ਬੁਰਾੜੀ ਗਰਾਊਂਡ (ਲਗਭਗ 21 ਕਿਲੋਮੀਟਰ ਦੂਰ)।

ਬੁਰਾੜੀ ਅਤੇ ਸੀਬੀਡੀ ਗਰਾਊਂਡ ਬਾਹਰੀ ਇਲਾਕਿਆਂ ਵਿੱਚ ਹੋਣ ਕਾਰਨ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਰਾਮਲੀਲਾ ਮੈਦਾਨ ਹੀ ਹੁਣ ਸਭ ਤੋਂ ਪ੍ਰਮੁੱਖ ਬਦਲ ਬਚਿਆ ਹੈ।

ਇਸ ਲਿਹਾਜ਼ ਨਾਲ ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾਏ ਜਾਣ ਤੋਂ ਬਾਅਦ 1 ਨਵੰਬਰ ਦਾ ਸਮਾਗਮ ਸੰਭਵ ਤੌਰ 'ਤੇ ਪਹਿਲਾ ਮੌਕਾ ਹੈ, ਜਦੋਂ ਰਾਮਲੀਲਾ ਮੈਦਾਨ ਵਿੱਚ ਇੰਨੀ ਵੱਡੀ ਵਿਰੋਧੀ ਧਿਰ ਦੀ ਰੈਲੀ ਹੋਣ ਜਾ ਰਹੀ ਹੈ, ਜਿਸ ਵਿੱਚ ਇੰਡੀਆ ਗਠਜੋੜ ਨੇ ਲੱਖਾਂ ਲੋਕਾਂ ਨੂੰ ਇਕੱਠਾ ਕਰਨ ਦਾ ਦਾਅਵਾ ਕੀਤਾ ਹੈ।

ਰੈਲੀ ਦੀ ਰਣਨੀਤੀ ਅਤੇ ਭਾਜਪਾ ਦੇ ਵਿਰੋਧ ਬਾਰੇ ਮਾਹਰਾਂ ਨੇ ਕੀ ਕਿਹਾ

ਭਾਜਪਾ ਨੇ ਜਿਸ ਤਰ੍ਹਾਂ 1 ਨਵੰਬਰ ਦੀ ਰੈਲੀ ਨੂੰ ਸਿੱਖ ਦੰਗਿਆਂ ਨਾਲ ਜੋੜਿਆ ਹੈ, ਉਸ ਬਾਰੇ ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ, "1984 ਦੇ ਦੰਗਿਆਂ ਨੂੰ ਲੈ ਕੇ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਕਈ ਵਾਰ ਜਨਤਕ ਤੌਰ 'ਤੇ ਮੁਆਫ਼ੀ ਮੰਗ ਚੁੱਕੀ ਹੈ ਅਤੇ ਸੱਜਣ ਕੁਮਾਰ ਤੋਂ ਲੈ ਕੇ ਜਗਦੀਸ਼ ਟਾਈਟਲਰ ਤੱਕ ਕਾਨੂੰਨੀ ਕਾਰਵਾਈ ਦੇ ਘੇਰੇ ਵਿੱਚ ਰਹੇ ਹਨ।"

"ਇਸੇ ਤਰ੍ਹਾਂ ਵਾਰ-ਵਾਰ 1975 ਦੀ ਐਮਰਜੈਂਸੀ ਦਾ ਹਵਾਲਾ ਦਿੱਤਾ ਜਾਂਦਾ ਹੈ, ਜਦਕਿ ਉਸ ਸਮੇਂ ਵੀ ਇੰਦਰਾ ਗਾਂਧੀ ਵਿਰੋਧੀ ਧਿਰ ਦੇ ਅੰਦੋਲਨਾਂ ਨੂੰ 'ਅਰਾਜਕਤਾ ਫੈਲਾਉਣ ਵਾਲੇ' ਅਤੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਦੱਸਦੀ ਸੀ। ਅਤੇ ਵਿਰੋਧੀਆਂ ਨੂੰ 'ਵਿਦੇਸ਼ੀ ਏਜੰਟ' ਕਿਹਾ ਜਾਂਦਾ ਸੀ।"

ਉਨ੍ਹਾਂ ਅੱਗੇ ਕਿਹਾ, "ਅੱਜ ਬਿਲਕੁਲ ਉਹੀ ਸ਼ਬਦਾਵਲੀ ਸੱਤਾਧਾਰੀ ਧਿਰ ਵੱਲੋਂ ਮੌਜੂਦਾ ਵਿਰੋਧੀ ਧਿਰ ਲਈ ਵਰਤੀ ਜਾ ਰਹੀ ਹੈ। ਸਾਲ 2004 ਤੋਂ 2014 ਦੇ ਵਿਚਕਾਰ ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ, ਉਦੋਂ ਉਸ ਨੇ ਵੀ ਸੜਕਾਂ ਤੋਂ ਲੈ ਕੇ ਸੰਸਦ ਤੱਕ ਅਣਗਿਣਤ ਪ੍ਰਦਰਸ਼ਨ ਕੀਤੇ ਅਤੇ ਜਾਮ ਲਗਾਏ ਸਨ।"

"ਇਸ ਲਈ ਜਦੋਂ ਕੋਈ ਪਾਰਟੀ ਵਿਰੋਧੀ ਧਿਰ ਵਿੱਚ ਹੋਵੇ ਤਾਂ ਪ੍ਰਦਰਸ਼ਨ ਨੂੰ ਲੋਕਤੰਤਰੀ ਅਧਿਕਾਰ ਮੰਨੇ ਅਤੇ ਸੱਤਾ ਵਿੱਚ ਆਉਣ 'ਤੇ ਉਸ ਨੂੰ 'ਅਰਾਜਕਤਾ' ਜਾਂ 'ਵਪਾਰ ਵਿਰੋਧੀ' ਦੱਸ ਦੇਵੇ, ਤਾਂ ਇਹ ਦੋਹਰਾ ਮਾਪਦੰਡ ਲੋਕਤੰਤਰ ਲਈ ਨੁਕਸਾਨਦੇਹ ਹੈ।"

ਸ਼ਰਦ ਗੁਪਤਾ ਦਾ ਮੰਨਣਾ ਹੈ ਕਿ ਇਸ ਪੂਰੇ ਵਿਵਾਦ ਨੂੰ ਦੋਵਾਂ ਧਿਰਾਂ ਦੇ ਨਾਗਰਿਕਾਂ ਦੇ ਵਪਾਰ ਕਰਨ ਦੇ ਅਧਿਕਾਰ ਅਤੇ ਵਿਰੋਧੀ ਧਿਰ ਦੇ ਲੋਕਤੰਤਰੀ ਵਿਰੋਧ ਦੇ ਅਧਿਕਾਰ ਵਿਚਕਾਰ ਸੰਤੁਲਨ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਜੇਕਰ ਕਿਸੇ ਵੀ ਸਿਆਸੀ ਸਮਾਗਮ ਕਾਰਨ ਆਮ ਨਾਗਰਿਕਾਂ ਜਾਂ ਵਪਾਰੀਆਂ ਦੇ ਕਾਰੋਬਾਰ ਕਰਨ ਦੇ ਅਧਿਕਾਰ ਦੀ ਉਲੰਘਣਾ ਹੁੰਦੀ ਹੈ, ਤਾਂ ਸਬੰਧਤ ਸਿਆਸੀ ਪਾਰਟੀ ਨੂੰ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।"

ਪਰ ਉਹ ਇਸ ਦਾ ਦੂਜਾ ਪੱਖ ਵੀ ਦੱਸਦੇ ਹਨ, "ਲੋਕਤੰਤਰ ਵਿੱਚ ਵਿਰੋਧ ਦੇ ਸੁੰਗੜਦੇ ਦਾਇਰੇ, ਪ੍ਰਦਰਸ਼ਨਕਾਰੀਆਂ ਤੋਂ ਭਰਵਾਏ ਜਾ ਰਹੇ 'ਪੀਸ ਬਾਂਡ' ਅਤੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੌਰਾਨ ਹੋਣ ਵਾਲੀਆਂ ਗ੍ਰਿਫ਼ਤਾਰੀਆਂ ਦੇ ਵਿਚਕਾਰ ਵਿਰੋਧੀ ਧਿਰ ਕੋਲ ਇਹ ਸੰਵਿਧਾਨਕ ਅਧਿਕਾਰ ਹੈ ਕਿ ਉਹ ਜਨਤਕ ਹਿੱਤ ਦੇ ਮੁੱਦਿਆਂ 'ਤੇ ਆਪਣੇ ਅੰਦੋਲਨ ਦਾ ਸਮਾਂ ਤੈਅ ਕਰੇ।"

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਦਿੱਲੀ ਪੁਲਿਸ ਅਤੇ ਪ੍ਰਸ਼ਾਸਨ ਨੇ ਖ਼ੁਦ 1 ਨਵੰਬਰ ਦੀ ਰੈਲੀ ਲਈ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਹੈ, ਤਾਂ ਫਿਰ ਤਾਰੀਖ਼ ਅਤੇ ਥਾਂ ਨੂੰ ਲੈ ਕੇ ਵਿਰੋਧੀ ਧਿਰ 'ਤੇ ਸਵਾਲ ਉਠਾਉਣਾ ਵਿਰੋਧਾਭਾਸੀ ਹੈ।

ਜੇਕਰ ਤਿਉਹਾਰੀ ਸੀਜ਼ਨ ਵਿੱਚ ਵਪਾਰੀਆਂ ਦੇ ਨੁਕਸਾਨ ਦੀ ਇੰਨੀ ਹੀ ਚਿੰਤਾ ਸੀ, ਤਾਂ ਪ੍ਰਸ਼ਾਸਨ ਰਾਮਲੀਲਾ ਮੈਦਾਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਸਕਦਾ ਸੀ ਅਤੇ ਵਿਰੋਧੀ ਧਿਰ ਨੂੰ ਬੁਰਾੜੀ ਗਰਾਊਂਡ ਵਿੱਚ ਰੈਲੀ ਕਰਨ ਲਈ ਕਹਿ ਸਕਦਾ ਸੀ।

ਰਾਮਲੀਲਾ ਮੈਦਾਨ ਦੇ ਉਹ ਵੱਡੇ ਪ੍ਰਦਰਸ਼ਨ, ਜਿਨ੍ਹਾਂ ਨੇ ਦੇਸ਼ ਦੀ ਸਿਆਸਤ ਬਦਲ ਦਿੱਤੀ

ਪੁਰਾਣੀ ਦਿੱਲੀ ਅਤੇ ਨਵੀਂ ਦਿੱਲੀ ਦੇ ਵਿਚਕਾਰ ਸਥਿਤ ਰਾਮਲੀਲਾ ਮੈਦਾਨ ਆਜ਼ਾਦੀ ਤੋਂ ਬਾਅਦ ਹੀ ਭਾਰਤੀ ਲੋਕਤੰਤਰ ਵਿੱਚ ਸੱਤਾ ਪਰਿਵਰਤਨ ਅਤੇ ਵੱਡੇ ਜਨ-ਅੰਦੋਲਨਾਂ ਦਾ ਸਭ ਤੋਂ ਪ੍ਰਮੁੱਖ ਗਵਾਹ ਰਿਹਾ ਹੈ।

ਦਸੰਬਰ 1952 ਵਿੱਚ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਇਸੇ ਮੈਦਾਨ ਤੋਂ ਸੱਤਿਆਗ੍ਰਹਿ ਦੀ ਸ਼ੁਰੂਆਤ ਕੀਤੀ ਸੀ।

ਸਾਲ 1956-57 ਵਿੱਚ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਜਨ ਸਭਾਵਾਂ ਤੋਂ ਇਲਾਵਾ, 1972 ਵਿੱਚ ਬੰਗਲਾਦੇਸ਼ ਮੁਕਤੀ ਯੁੱਧ ਵਿੱਚ ਪਾਕਿਸਤਾਨ 'ਤੇ ਇਤਿਹਾਸਕ ਜਿੱਤ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇੱਥੇ ਹੀ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ ਸੀ।

ਭਾਰਤੀ ਸਿਆਸਤ ਵਿੱਚ ਇਸ ਮੈਦਾਨ ਦਾ ਸਭ ਤੋਂ ਨਿਰਣਾਇਕ ਮੋੜ 25 ਜੂਨ 1975 ਨੂੰ ਆਇਆ, ਜਦੋਂ ਜੈਪ੍ਰਕਾਸ਼ ਨਾਰਾਇਣ ਨੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਰਾਸ਼ਟਰਕਵੀ ਰਾਮਧਾਰੀ ਸਿੰਘ ਦਿਨਕਰ ਦੀਆਂ ਸਤਰਾਂ "ਸਿੰਘਾਸਨ ਖਾਲੀ ਕਰੋ ਕਿ ਜਨਤਾ ਆਤੀ ਹੈ..." ਦੁਹਰਾਉਂਦਿਆਂ "ਸੰਪੂਰਨ ਕ੍ਰਾਂਤੀ" ਦਾ ਸੱਦਾ ਦਿੱਤਾ ਸੀ।

ਉਸੇ ਰਾਤ ਦੇਸ਼ ਵਿੱਚ ਐਮਰਜੈਂਸੀ ਲਾਗੂ ਹੋ ਗਈ, ਪਰ 1977 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕੇਂਦਰ ਵਿੱਚ ਪਹਿਲੀ ਵਾਰ ਸੱਤਾ ਗੁਆਉਣੀ ਪਈ ਅਤੇ ਜਨਤਾ ਪਾਰਟੀ ਦੀ ਸਰਕਾਰ ਬਣੀ।

ਇਸ ਤੋਂ ਸਾਢੇ ਤਿੰਨ ਦਹਾਕਿਆਂ ਬਾਅਦ ਅਗਸਤ 2011 ਵਿੱਚ ਮਜ਼ਬੂਤ ਲੋਕਪਾਲ ਕਾਨੂੰਨ ਦੀ ਮੰਗ ਨੂੰ ਲੈ ਕੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦੇ ਰਾਮਲੀਲਾ ਮੈਦਾਨ ਵਿੱਚ ਕੀਤੇ ਮਰਨ ਵਰਤ ਨੇ ਦੇਸ਼ ਭਰ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਪੈਦਾ ਕੀਤੀ।

ਇਸ ਅੰਦੋਲਨ ਨੇ ਨਾ ਸਿਰਫ਼ ਤਤਕਾਲੀ ਯੂਪੀਏ-2 ਸਰਕਾਰ ਦੀ ਸਿਆਸੀ ਜ਼ਮੀਨ ਕਮਜ਼ੋਰ ਕੀਤੀ, ਸਗੋਂ ਇਸੇ ਵਿੱਚੋਂ ਨਿਕਲੀ 'ਆਮ ਆਦਮੀ ਪਾਰਟੀ' ਨੇ ਦਿੱਲੀ ਅਤੇ ਕੌਮੀ ਸਿਆਸਤ ਦੇ ਸਮੀਕਰਨ ਪੂਰੀ ਤਰ੍ਹਾਂ ਬਦਲ ਦਿੱਤੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)