ਕੀ ਪਿਸ਼ਾਬ ਦੇ ਟੈਸਟ ਤੋਂ ਬਲੈਡਰ ਕੈਂਸਰ ਦੇ ਮਾਮਲਿਆਂ ਦਾ ਪਤਾ ਲਗਾਇਆ ਜਾ ਸਕਦਾ ਹੈ, ਘਰ ਵਿੱਚ ਹੀ ਕੀਤੇ ਜਾ ਸਕਣ ਵਾਲੇ ਨਵੇਂ ਟ੍ਰਾਇਲ ਤੋਂ ਜਾਣੋ ਕੀ ਪਤਾ ਲੱਗਿਆ

A man holds a urine sample in a pot

ਤਸਵੀਰ ਸਰੋਤ, Getty Images

    • ਲੇਖਕ, ਫਰਗਸ ਵਾਲਸ਼
    • ਰੋਲ, ਮੈਡੀਕਲ ਐਡੀਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਵੱਲੋਂ ਘਰ ਵਿੱਚ ਹੀ ਕੀਤੇ ਜਾ ਸਕਣ ਵਾਲੇ ਪਿਸ਼ਾਬ ਦੇ ਟੈਸਟ ਦੇ ਟ੍ਰਾਇਲ ਦੇ ਤਾਜ਼ਾ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਇਹ ਟੈਸਟ 10 ਵਿੱਚੋਂ 9 ਤੋਂ ਵੱਧ ਬਲੈਡਰ ਕੈਂਸਰ ਦੇ ਮਾਮਲਿਆਂ ਦੀ ਪਛਾਣ ਕਰ ਸਕਦਾ ਹੈ।

ਇਹ ਗੱਲ ਤਾਜ਼ਾ ਨਤੀਜਿਆਂ ਤੋਂ ਸਾਹਮਣੇ ਆਈ ਹੈ।

'ਯੂਰਪੀਅਨ ਯੂਰੋਲੋਜੀ ਔਨਕੋਲੋਜੀ' ਵਿੱਚ ਪ੍ਰਕਾਸ਼ਿਤ ਇਸ ਅਧਿਐਨ ਦੀ ਅਗਵਾਈ ਬਰਮਿੰਘਮ ਯੂਨੀਵਰਸਿਟੀ ਅਤੇ ਡਾਇਗਨੌਸਟਿਕਸ ਕੰਪਨੀ ਨੋਨਾਕਸ ਨੇ ਕੀਤੀ ਹੈ।

ਇਸ ਅਧਿਐਨ ਵਿੱਚ ਇੰਗਲੈਂਡ ਅਤੇ ਸਕਾਟਲੈਂਡ ਦੇ ਸੱਤ ਹਸਪਤਾਲਾਂ ਵਿੱਚ ਲਗਭਗ 1,000 ਮਰੀਜ਼ ਸ਼ਾਮਲ ਸਨ।

ਖੋਜਕਾਰਾਂ ਨੂੰ ਉਮੀਦ ਹੈ ਕਿ ਇਸ ਟੈਸਟ ਨਾਲ ਉਨ੍ਹਾਂ ਮਰੀਜ਼ਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ, ਜਿਨ੍ਹਾਂ ਨੂੰ ਤੁਰੰਤ ਅਤੇ ਵਧੇਰੇ ਦਖ਼ਲ ਵਾਲੀ ਜਾਂਚ ਕਰਵਾਉਣ ਦੀ ਲੋੜ ਪੈਂਦੀ ਹੈ।

ਇਸ ਜਾਂਚ ਨੂੰ 'ਸਿਸਟੋਸਕੋਪੀ' ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਛੋਟਾ ਕੈਮਰਾ ਮੂਤਰ ਮਾਰਗ ਰਾਹੀਂ ਬਲੈਡਰ ਦੇ ਅੰਦਰ ਤੱਕ ਪਾਇਆ ਜਾਂਦਾ ਹੈ।

ਜੇਕਰ ਵੱਡੇ ਪੱਧਰ 'ਤੇ ਕੀਤਾ ਜਾਣ ਵਾਲਾ ਟ੍ਰਾਇਲ ਸਫ਼ਲ ਰਹਿੰਦਾ ਹੈ, ਤਾਂ ਇਸ ਦਾ ਮਤਲਬ ਹੋ ਸਕਦਾ ਹੈ ਕਿ ਹਰ ਸਾਲ ਹਜ਼ਾਰਾਂ ਮਰੀਜ਼ਾਂ ਨੂੰ ਇਹ ਜਾਂਚ ਕਰਵਾਉਣ ਤੋਂ ਬਚਾਇਆ ਜਾ ਸਕੇਗਾ।

ਮਰੀਜ਼ਾਂ ਲਈ ਵਧੇਰੇ ਸੁਵਿਧਾਜਨਕ

ਯੂਕੇ ਵਿੱਚ ਹਰ ਸਾਲ 3 ਲੱਖ ਤੋਂ ਵੱਧ ਸਿਸਟੋਸਕੋਪੀ ਕੀਤੀਆਂ ਜਾਂਦੀਆਂ ਹਨ ਅਤੇ ਕੁਝ ਇਲਾਕਿਆਂ ਵਿੱਚ ਇਸ ਜਾਂਚ ਲਈ ਮਰੀਜ਼ਾਂ ਨੂੰ ਕਾਫ਼ੀ ਸਮਾਂ ਉਡੀਕ ਕਰਨੀ ਪੈਂਦੀ ਹੈ।

ਹਾਲਾਂਕਿ ਇਹ ਪਿਸ਼ਾਬ ਦਾ ਟੈਸਟ ਸਿਸਟੋਸਕੋਪੀ ਦੀ ਥਾਂ ਨਹੀਂ ਲੈ ਸਕਦਾ, ਪਰ ਇਹ ਡਾਕਟਰਾਂ ਨੂੰ ਉਨ੍ਹਾਂ ਮਰੀਜ਼ਾਂ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦਾ ਹੈ, ਜਿਨ੍ਹਾਂ ਵਿੱਚ ਬਲੈਡਰ ਕੈਂਸਰ ਦਾ ਖ਼ਤਰਾ ਵੱਧ ਹੈ।

ਅਜਿਹੇ ਮਰੀਜ਼ਾਂ ਨੂੰ ਤੁਰੰਤ ਸਿਸਟੋਸਕੋਪੀ ਲਈ ਪਹਿਲ ਦਿੱਤੀ ਜਾ ਸਕਦੀ ਹੈ, ਬਜਾਏ ਇਸ ਦੇ ਕਿ ਉਹ ਉਡੀਕ ਕਰਦੇ ਰਹਿਣ।

ਐੱਨਐੱਚਐੱਸ ਦੇ ਇਸ ਟ੍ਰਾਇਲ ਵਿੱਚ ਸਾਹਮਣੇ ਆਇਆ ਹੈ ਕਿ 'ਗੇਲੀਆਸ' ਪਿਸ਼ਾਬ ਟੈਸਟ ਨੇ ਬਲੈਡਰ ਕੈਂਸਰ ਦੇ 92 ਫੀਸਦ ਮਾਮਲਿਆਂ ਦੀ ਪਛਾਣ ਕੀਤੀ।

ਜੇਕਰ ਟੈਸਟ ਦਾ ਨਤੀਜਾ ਨੈਗੇਟਿਵ ਆਇਆ, ਤਾਂ ਇਸ ਗੱਲ ਦੀ 99 ਫੀਸਦ ਤੋਂ ਵੱਧ ਸੰਭਾਵਨਾ ਸੀ ਕਿ ਮਰੀਜ਼ ਨੂੰ ਬਲੈਡਰ ਕੈਂਸਰ ਨਹੀਂ ਸੀ।

ਇਹ ਟੈਸਟ ਬਲੈਡਰ ਕੈਂਸਰ ਵੱਲੋਂ ਪਿਸ਼ਾਬ ਵਿੱਚ ਛੱਡੇ ਜਾਣ ਵਾਲੇ ਜੈਨੇਟਿਕ ਪਦਾਰਥ ਦੀ ਜਾਂਚ ਕਰਦਾ ਹੈ। ਇਸ ਨੂੰ ਅਸਲ ਵਿੱਚ ਬਰਮਿੰਘਮ ਯੂਨੀਵਰਸਿਟੀ ਨੇ ਕੈਂਸਰ ਰਿਸਰਚ ਯੂਕੇ (ਸੀਆਰਯੂਕੇ) ਦੀ ਫੰਡਿੰਗ ਨਾਲ ਵਿਕਸਿਤ ਕੀਤਾ ਸੀ।

ਇਹ ਟੈਸਟ 23 ਜੀਨਾਂ ਵਿੱਚ ਬਲੈਡਰ ਕੈਂਸਰ ਨਾਲ ਜੁੜੀਆਂ 450 ਤੋਂ ਵੱਧ ਡੀਐੱਨਏ ਮਿਊਟੇਸ਼ਨਾਂ ਦੀ ਜਾਂਚ ਕਰਦਾ ਹੈ।

ਮਿਸ਼ੇਲ ਮਿਚੇਲ

ਅਧਿਐਨ ਦੇ ਸਹਿ-ਲੇਖਕ ਅਤੇ ਬਰਮਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰ ਰਿਚਰਡ ਬ੍ਰਾਇਨ ਨੇ ਕਿਹਾ ਕਿ ਵਿਗਿਆਨ ਨੂੰ ਵਿਕਸਿਤ ਕਰਨ ਅਤੇ ਇਸ ਦੀ ਜਾਂਚ ਕਰਨ ਵਿੱਚ ਕਈ ਸਾਲ ਲਗਾਉਣ ਤੋਂ ਬਾਅਦ, ਵੱਡੀ ਗਿਣਤੀ ਵਿੱਚ ਅਸਲ ਮਰੀਜ਼ਾਂ 'ਤੇ ਇਸ ਦੇ "ਬਹੁਤ ਉਮੀਦਜਨਕ ਸ਼ੁਰੂਆਤੀ ਨਤੀਜੇ" ਦੇਖਣਾ ਉਤਸ਼ਾਹਜਨਕ ਹੈ।

ਇੱਕ ਲਾਇਸੈਂਸ ਸਮਝੌਤੇ ਤਹਿਤ, ਨੋਨਾਕਸ ਨੇ ਇਸ ਟੈਸਟ ਨੂੰ ਵਪਾਰਕ ਤੌਰ 'ਤੇ ਉਪਲਬਧ ਕਰਵਾਇਆ ਹੈ। ਇਸ ਤੋਂ ਹੋਣ ਵਾਲੀ ਆਮਦਨ ਦਾ ਕੁਝ ਹਿੱਸਾ ਨੋਨਾਕਸ ਵੱਲੋਂ ਯੂਨੀਵਰਸਿਟੀ ਅਤੇ ਕੈਂਸਰ ਰਿਸਰਚ ਯੂਕੇ ਨੂੰ ਵਾਪਸ ਦਿੱਤਾ ਜਾਂਦਾ ਹੈ।

ਕੈਂਸਰ ਰਿਸਰਚ ਯੂਕੇ ਦੀ ਮਿਸ਼ੇਲ ਮਿਚੇਲ ਨੇ ਕਿਹਾ, "ਬਹੁਤ ਸਾਰੇ ਲੋਕ ਬਲੈਡਰ ਕੈਂਸਰ ਦੀ ਜਾਂਚ ਲਈ ਜਿੰਨੀ ਉਡੀਕ ਕਰਨੀ ਚਾਹੀਦੀ ਹੈ, ਉਸ ਤੋਂ ਵੱਧ ਸਮਾਂ ਉਡੀਕ ਕਰ ਰਹੇ ਹਨ ਅਤੇ ਇਸ ਸਮੱਸਿਆ ਨਾਲ ਨਜਿੱਠਣ ਦੇ ਤਰੀਕੇ ਲੱਭਣਾ ਬਹੁਤ ਜ਼ਰੂਰੀ ਹੈ।"

"ਇਸ ਟੈਸਟ ਲਈ ਅਜੇ ਸ਼ੁਰੂਆਤੀ ਦੌਰ ਹੈ ਅਤੇ ਹੋਰ ਖੋਜ ਦੀ ਲੋੜ ਹੈ, ਪਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਕੈਂਸਰ ਦੀ ਪਛਾਣ ਕਰਨ ਜਾਂ ਇਸ ਦੀ ਸੰਭਾਵਨਾ ਨੂੰ ਖ਼ਾਰਜ ਕਰਨ ਲਈ ਹੋਰ ਤੇਜ਼ ਅਤੇ ਘੱਟ ਦਖ਼ਲ ਵਾਲੇ ਤਰੀਕੇ ਲੱਭਦੇ ਰਹੀਏ।"

ਬਲੈਡਰ ਕੈਂਸਰ 60 ਸਾਲ ਤੋਂ ਵੱਧ ਉਮਰ ਦੇ ਮਰਦਾਂ ਵਿੱਚ ਵਧੇਰੇ ਆਮ ਹੁੰਦਾ ਹੈ ਅਤੇ ਇਸ ਦਾ ਮੁੱਖ ਲੱਛਣ ਪਿਸ਼ਾਬ ਵਿੱਚ ਖੂਨ ਆਉਣਾ ਹੈ।

ਬਲੈਡਰ ਕੈਂਸਰ ਕਿੰਨਾ ਗੰਭੀਰ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੈਂਸਰ ਕਿੰਨਾ ਵੱਡਾ ਹੈ ਅਤੇ ਕੀ ਇਹ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਫੈਲ ਚੁੱਕਾ ਹੈ।

ਕੈਂਸਰ ਦੀ ਜਲਦੀ ਪਛਾਣ ਅਤੇ ਸਮੇਂ ਸਿਰ ਇਲਾਜ ਨਾਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)