19 ਮਹੀਨੇ ਦੇ ਬੱਚੇ ਦੇ ਅੰਗ ਦਾਨ ਕਾਰਨ ਤਿੰਨ ਲੋਕਾਂ ਦੀ ਜ਼ਿੰਦਗੀ ਬਚੀ, ਹਾਈਡਰੋਸੇਫੈਲਸ ਬਿਮਾਰੀ ਨਾਲ ਪੀੜਤ ਸੀ ਬੱਚਾ

    • ਲੇਖਕ, ਸਰਧਾ
    • ਰੋਲ, ਬੀਬੀਸੀ ਤਾਮਿਲ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਚੇਨਈ ਦੇ ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਵਿੱਚ 19 ਮਹੀਨੇ ਦੇ ਇੱਕ ਬ੍ਰੇਨ ਡੈੱਡ ਬੱਚੇ ਦੇ ਅੰਗ ਦਾਨ ਕੀਤੇ ਗਏ ਹਨ।

ਇਹ ਬੱਚਾ ਤਮਿਲਨਾਡੂ ਦਾ ਸਭ ਤੋਂ ਨਿੱਕੀ ਉਮਰ ਦਾ ਅੰਗ ਦਾਨੀ ਬਣ ਗਿਆ ਹੈ। ਉਸ ਦੇ ਅੰਗਾਂ ਨੇ ਤਿੰਨ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਮਦਦ ਕੀਤੀ।

ਉਸ ਦੀਆਂ ਦੋਵੇਂ ਕਿਡਨੀਆਂ ਵੀਹਾਂ ਸਾਲਾਂ ਦੀ ਇੱਕ ਲੜਕੀ ਨੂੰ ਟਰਾਂਸਪਲਾਂਟ ਕੀਤੀਆਂ ਗਈਆਂ, ਜਦਕਿ ਉਸ ਦਾ ਜਿਗਰ ਅਤੇ ਦਿਲ ਦੋ ਵੱਖ-ਵੱਖ ਬੱਚਿਆਂ ਨੂੰ ਦਾਨ ਕੀਤਾ ਗਿਆ।

ਬੱਚੇ ਨੂੰ ਉਸਦੇ ਦਿਮਾਗ ਵਿੱਚ ਤਰਲ ਪਦਾਰਥ ਇਕੱਠਾ ਹੋਣ ਕਾਰਨ ਪੈਦਾ ਹੋਈ ਗੰਭੀਰ ਬੀਮਾਰੀ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਬੱਚਾ ਸਿਰਫ਼ ਡੇਢ ਸਾਲ ਦਾ ਹੋਣ ਕਰਕੇ ਉਹ ਆਪਣੀ ਤਕਲੀਫ਼ ਜਾਂ ਲੱਛਣ ਬਿਆਨ ਕਰਨ ਦੇ ਯੋਗ ਨਹੀਂ ਸੀ। ਉਸ ਦੇ ਮਾਪਿਆਂ ਨੂੰ ਪਹਿਲਾਂ ਲੱਗਿਆ ਕਿ ਉਹ ਸਿਰਫ਼ ਥੱਕਿਆ ਹੋਇਆ ਹੈ ਅਤੇ ਉਸ ਦੀ ਭੁੱਖ ਘੱਟ ਹੋ ਗਈ ਹੈ।

ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਨਾਲ ਸੰਬੰਧਤ ਇਸ ਬੱਚੇ ਨੂੰ ਪਹਿਲਾਂ ਵਿਲੁੱਪੁਰਮ ਨੇੜੇ ਇੱਕ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉੱਚ ਪੱਧਰੀ ਇਲਾਜ ਲਈ ਉਸ ਨੂੰ ਚੇਨਈ ਦੇ ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਭੇਜਿਆ ਗਿਆ।

ਡਾਕਟਰਾਂ ਨੇ ਬੱਚੇ ਵਿੱਚ ਹਾਈਡਰੋਸੇਫੈਲਸ ਨਾਮਕ ਬਿਮਾਰੀ ਦੀ ਪਛਾਣ ਕੀਤੀ। ਇਸ ਬਿਮਾਰੀ ਵਿੱਚ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀ ਰੱਖਿਆ ਕਰਨ ਵਾਲਾ ਸੇਰੇਬ੍ਰੋਸਪਾਈਨਲ ਤਰਲ ਪਦਾਰਥ ਦਿਮਾਗ ਦੀਆਂ ਵੈਂਟ੍ਰਿਕਲਾਂ ਵਿੱਚ ਲੋੜ ਤੋਂ ਵੱਧ ਇਕੱਠਾ ਹੋ ਜਾਂਦਾ ਹੈ। ਇਸ ਕਾਰਨ ਦਿਮਾਗ 'ਤੇ ਵੱਧ ਦਬਾਅ ਪੈਂਦਾ ਹੈ ਅਤੇ ਉਸ ਦੀ ਆਮ ਕਾਰਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈ।

ਹਾਲਾਂਕਿ, ਉਸ ਵੇਲੇ ਮਾਪਿਆਂ ਨੂੰ ਇਸ ਬੀਮਾਰੀ ਦੀ ਗੰਭੀਰਤਾ ਦਾ ਅਹਿਸਾਸ ਨਹੀਂ ਸੀ।

ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਦੇ ਨਿਊਰੋਸਰਜਰੀ ਵਿਭਾਗ ਦੇ ਮੁਖੀ ਡਾ. ਆਰ. ਰਾਘਵੇਂਦਰਨ ਨੇ ਕਿਹਾ:

"ਤਰਲ ਪਦਾਰਥ ਬਹੁਤ ਘੱਟ ਸਮੇਂ ਵਿੱਚ ਤੇਜ਼ੀ ਨਾਲ ਇਕੱਠਾ ਹੋ ਗਿਆ। ਇਸ ਕਰਕੇ ਜਦੋਂ ਬੱਚਾ ਹਸਪਤਾਲ ਪਹੁੰਚਿਆ ਤਾਂ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ। ਸਰਜਰੀ ਤੋਂ ਬਾਅਦ ਵੀ ਉਸ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਆਇਆ।"

ਇਲਾਜ ਦੇ ਬਾਵਜੂਦ ਨਹੀਂ ਬਚ ਸਕਿਆ ਬੱਚਾ

ਬੱਚਾ ਛੇ ਦਿਨ ਤੱਕ ਆਈਸੀਯੂ ਵਿੱਚ ਵੱਖ-ਵੱਖ ਮੈਡੀਕਲ ਮਾਹਿਰਾਂ ਦੀ ਨਿਗਰਾਨੀ ਹੇਠ ਰਿਹਾ। ਉਸ ਦੀ ਸਰਜਰੀ ਵੀ ਕੀਤੀ ਗਈ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਤ ਲਗਾਤਾਰ ਵਿਗੜਦੀ ਗਈ।

ਅੰਤ ਵਿੱਚ ਡਾਕਟਰਾਂ ਨੇ ਬੱਚੇ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਇਸ ਦਾ ਮਤਲਬ ਹੈ ਕਿ ਭਾਵੇਂ ਮੈਡੀਕਲ ਸਹਾਇਤਾ ਨਾਲ ਸਰੀਰ ਦੀਆਂ ਕੁਝ ਪ੍ਰਕਿਰਿਆਵਾਂ ਚਲਦੀਆਂ ਰਹਿਣ, ਪਰ ਦਿਮਾਗ ਦੇ ਸਾਰੇ ਕੰਮ ਸਦਾ ਲਈ ਬੰਦ ਹੋ ਚੁੱਕੇ ਹੁੰਦੇ ਹਨ।

ਡਾ. ਰਾਘਵੇਂਦਰਨ ਨੇ ਦੱਸਿਆ, "ਹਾਈਡਰੋਸੇਫੈਲਸ ਜਨਮਜਾਤ ਖਾਮੀਆਂ ਕਾਰਨ ਵੀ ਹੋ ਸਕਦਾ ਹੈ। ਕੁਝ ਮਾਮਲਿਆਂ ਵਿੱਚ ਇਸ ਦੇ ਲੱਛਣ ਜਨਮ ਤੋਂ ਤੁਰੰਤ ਬਾਅਦ ਸਾਹਮਣੇ ਨਹੀਂ ਆਉਂਦੇ ਅਤੇ ਬਾਅਦ ਵਿੱਚ ਵਿਕਸਿਤ ਹੁੰਦੇ ਹਨ।"

ਕੁਝ ਦਿਨ ਪਹਿਲਾਂ ਤੱਕ ਇਹ ਬੱਚਾ ਹੋਰ ਬੱਚਿਆਂ ਵਾਂਗ ਦੌੜਦਾ ਅਤੇ ਖੇਡਦਾ ਸੀ। ਹੁਣ ਉਸ ਦੇ ਮਾਪਿਆਂ ਨੂੰ ਇਸ ਕੌੜੀ ਸੱਚਾਈ ਦਾ ਸਾਹਮਣਾ ਕਰਨਾ ਪਿਆ ਕਿ ਉਹ ਕਦੇ ਵੀ ਆਈਸੀਯੂ ਤੋਂ ਠੀਕ ਹੋ ਕੇ ਵਾਪਸ ਨਹੀਂ ਆਵੇਗਾ।

ਇਸ ਤੋਂ ਬਾਅਦ ਮੈਡੀਕਲ ਟੀਮ ਨੇ ਪਰਿਵਾਰ ਨਾਲ ਅੰਗ ਦਾਨ ਬਾਰੇ ਗੱਲਬਾਤ ਕੀਤੀ ਅਤੇ ਇਸ ਦੀ ਮਹੱਤਤਾ ਸਮਝਾਈ। ਡੂੰਘੇ ਦੁੱਖ ਦੇ ਬਾਵਜੂਦ ਮਾਪਿਆਂ ਨੇ ਆਪਣੇ ਬੱਚੇ ਦੇ ਅੰਗ ਦਾਨ ਕਰਨ ਦਾ ਮੁਸ਼ਕਲ ਫ਼ੈਸਲਾ ਲਿਆ।

ਇਸ ਤਰ੍ਹਾਂ 19 ਮਹੀਨੇ ਦਾ ਇਹ ਬੱਚਾ ਤਮਿਲਨਾਡੂ ਦੇ ਇਤਿਹਾਸ ਦਾ ਸਭ ਤੋਂ ਘੱਟ ਉਮਰ ਦਾ ਅੰਗ ਦਾਨੀ ਬਣ ਗਿਆ।

"ਉਹ ਮਾਂ ਜੋ ਆਪਣੇ ਬੱਚੇ ਨੂੰ ਪਿੱਛੇ ਮੁੜ ਕੇ ਨਹੀਂ ਵੇਖ ਸਕੀ"

ਅੰਗ ਦਾਨ ਲਈ ਸਹਿਮਤੀ ਦੇਣ ਤੋਂ ਬਾਅਦ ਬੱਚੇ ਦੀ ਮਾਂ ਨੇ ਆਪਣੇ ਪੁੱਤਰ ਨੂੰ ਆਖ਼ਰੀ ਵਾਰ ਦੇਖਿਆ। ਇਸ ਤੋਂ ਬਾਅਦ ਡਾਕਟਰ ਉਸ ਨੂੰ ਅੰਗ ਕੱਢਣ ਦੀ ਪ੍ਰਕਿਰਿਆ ਲਈ ਆਪਰੇਸ਼ਨ ਥੀਏਟਰ ਵਿੱਚ ਲੈ ਗਏ।

ਜਦੋਂ ਆਪਰੇਸ਼ਨ ਥੀਏਟਰ ਦੇ ਦਰਵਾਜ਼ੇ ਬੰਦ ਹੋਏ, ਤਾਂ ਮਾਂ ਨੇ ਪਿੱਛੇ ਮੁੜ ਕੇ ਨਾ ਦੇਖਣ ਦਾ ਫ਼ੈਸਲਾ ਕੀਤਾ। ਆਪਣੇ ਪੁੱਤਰ ਨੂੰ ਦੂਰ ਜਾਂਦਾ ਦੇਖਣਾ ਉਸ ਲਈ ਬਰਦਾਸ਼ਤ ਤੋਂ ਬਾਹਰ ਸੀ, ਇਸ ਲਈ ਉਹ ਆਪਣੇ ਪਤੀ ਨਾਲ ਹਸਪਤਾਲ ਤੋਂ ਚਲੀ ਗਈ।

ਡਾ. ਰਾਘਵੇਂਦਰਨ ਨੇ ਬੀਬੀਸੀ ਤਮਿਲ ਨਾਲ ਫੋਨ 'ਤੇ ਗੱਲ ਕਰਦਿਆਂ ਕੁਝ ਪਲ ਰੁਕ ਕੇ ਕਿਹਾ, "ਸਰਜਰੀ ਤੋਂ ਬਾਅਦ ਇੱਕ ਚੈਰੀਟੇਬਲ ਸੰਸਥਾ ਦੀ ਮਦਦ ਨਾਲ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਗਿਆ।"

ਹਸਪਤਾਲ ਪਰਿਸਰ ਵਿੱਚ ਮੌਜੂਦ ਬੱਚੇ ਦੇ ਪਿਤਾ ਨੇ ਸਿਰਫ਼ ਇੰਨਾ ਕਿਹਾ, "ਮੇਰਾ ਬੱਚਾ ਨਹੀਂ ਬਚ ਸਕਿਆ। ਅਸੀਂ ਇਹ ਕੰਮ ਹੋਰ ਬੱਚਿਆਂ ਲਈ ਕੀਤਾ ਹੈ।"

ਦੋ ਸਾਲ ਪਹਿਲਾਂ ਵੀ ਇਸੇ ਹਸਪਤਾਲ ਵਿੱਚ 20 ਮਹੀਨੇ ਦੇ ਇੱਕ ਬੱਚੇ ਦੇ ਅੰਗ ਦਾਨ ਕੀਤੇ ਗਏ ਸਨ।

ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਦੇ ਡੀਨ ਡਾ. ਸ਼ਾਂਥਾਰਾਮਨ ਨੇ ਕਿਹਾ, "ਮੈਂ ਅੰਗ ਦਾਨ ਨੂੰ ਸਭ ਤੋਂ ਉੱਚਾ ਦਾਨ ਮੰਨਦਾ ਹਾਂ। ਮਾਪਿਆਂ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਦਰਦਨਾਕ ਪਲਾਂ ਵਿੱਚ ਇੱਕ ਮਹਾਨ ਫ਼ੈਸਲਾ ਲਿਆ। ਇੱਕ ਡਾਕਟਰ ਵਜੋਂ ਮੈਨੂੰ ਇਸ ਗੱਲ ਦੀ ਡੂੰਘੀ ਤਸੱਲੀ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਬਹੁਤ ਸਾਰੇ ਮਾਮਲਿਆਂ ਵਿੱਚ ਅੰਗ ਦਾਨ ਬਾਰੇ ਆਖ਼ਰੀ ਫ਼ੈਸਲਾ ਮਾਂ ਹੀ ਕਰਦੀ ਹੈ। ਬੱਚਾ ਭਾਵੇਂ ਕਿਸੇ ਵੀ ਉਮਰ ਦਾ ਹੋਵੇ, ਮਾਂ ਲਈ ਉਹ ਹਮੇਸ਼ਾ ਅਨਮੋਲ ਹੁੰਦਾ ਹੈ। ਇਹ ਜਾਣ ਕੇ ਕਿ ਉਸ ਦੇ ਬੱਚੇ ਦੇ ਅੰਗ ਕਿਸੇ ਹੋਰ ਦੇ ਸਰੀਰ ਵਿੱਚ ਕੰਮ ਕਰ ਰਹੇ ਹਨ, ਉਸ ਨੂੰ ਕੁਝ ਸਕੂਨ ਦੇ ਸਕਦੇ ਹਨ। ਅਜਿਹਾ ਫ਼ੈਸਲਾ ਲੈਣਾ ਕਦੇ ਵੀ ਆਸਾਨ ਨਹੀਂ ਹੁੰਦਾ। ਇਸ ਲਈ ਬੇਹੱਦ ਹਿੰਮਤ ਦੀ ਲੋੜ ਹੁੰਦੀ ਹੈ।"

ਕੀ ਬੱਚਿਆਂ ਦੇ ਅੰਗ ਬਾਲਗਾਂ ਲਈ ਉਚਿਤ ਹੁੰਦੇ ਹਨ?

ਬ੍ਰੇਨ ਡੈੱਡ ਬੱਚੇ ਦੀਆਂ ਦੋਵੇਂ ਕਿਡਨੀਆਂ ਚੇਨਈ ਦੀ ਵੀਹ ਸਾਲਾਂ ਇੱਕ ਲੜਕੀ ਨੂੰ ਟਰਾਂਸਪਲਾਂਟ ਕੀਤੀਆਂ ਗਈਆਂ। ਜਿਗਰ ਚੇਨਈ ਦੇ ਇੱਕ ਬੱਚੇ ਨੂੰ ਦਿੱਤਾ ਗਿਆ, ਜਦਕਿ ਦਿਲ ਕੋਇੰਬਟੂਰ ਦੇ ਇੱਕ ਬੱਚੇ ਵਿੱਚ ਟਰਾਂਸਪਲਾਂਟ ਕੀਤਾ ਗਿਆ।

ਡਾ. ਸ਼ਾਂਥਾਰਾਮਨ ਦੇ ਅਨੁਸਾਰ, ਛੋਟੀ ਉਮਰ ਦੇ ਬੱਚਿਆਂ ਦੇ ਅੰਗ ਕਈ ਵਾਰ ਸਫਲਤਾਪੂਰਵਕ ਬਾਲਗਾਂ ਵਿੱਚ ਟਰਾਂਸਪਲਾਂਟ ਕੀਤੇ ਜਾ ਸਕਦੇ ਹਨ।

ਉਨ੍ਹਾਂ ਨੇ ਕਿਹਾ, " ਕਈ ਅੰਗ ਜਨਮ ਤੋਂ ਹੀ ਲਗਭਗ ਉਸੇ ਤਰ੍ਹਾਂ ਕੰਮ ਕਰਦੇ ਹਨ ਜਿਵੇਂ ਬਾਲਗਾਂ ਵਿੱਚ। ਡੇਢ ਸਾਲ ਦੀ ਉਮਰ ਤੱਕ ਕਈ ਅੰਗਾਂ ਦਾ ਆਕਾਰ ਬਾਲਗਾਂ ਦੇ ਆਕਾਰ ਦੇ ਕਾਫ਼ੀ ਨੇੜੇ ਪਹੁੰਚ ਜਾਂਦਾ ਹੈ।"

ਡਾ. ਰਾਘਵੇਂਦਰਨ ਨੇ ਦੱਸਿਆ ਕਿ ਕਿਡਨੀ ਟਰਾਂਸਪਲਾਂਟ ਵਿੱਚ ਸਭ ਤੋਂ ਮਹੱਤਵਪੂਰਨ ਮਾਪਦੰਡਾਂ ਵਿੱਚੋਂ ਇੱਕ ਗਲੋਮੇਰੂਲਰ ਫਿਲਟ੍ਰੇਸ਼ਨ ਰੇਟ ਹੈ, ਜੋ ਇਹ ਮਾਪਦਾ ਹੈ ਕਿ ਕਿਡਨੀਆਂ ਖੂਨ ਨੂੰ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਫਿਲਟਰ ਕਰਦੀਆਂ ਹਨ।

ਉਨ੍ਹਾਂ ਨੇ ਕਿਹਾ, "ਜੀਐੱਫਆਰ ਦਾਤਾ ਅਤੇ ਪ੍ਰਾਪਤਕਰਤਾ ਦੋਹਾਂ ਲਈ ਉਚਿਤ ਹੋਣਾ ਚਾਹੀਦਾ ਹੈ। ਜਦੋਂ ਕਿਸੇ ਬਾਲਗ ਵੱਲੋਂ ਕਿਡਨੀ ਦਾਨ ਕੀਤੀ ਜਾਂਦੀ ਹੈ ਤਾਂ ਆਮ ਤੌਰ 'ਤੇ ਇੱਕ ਕਿਡਨੀ ਹੀ ਕਾਫ਼ੀ ਹੁੰਦੀ ਹੈ। ਪਰ ਜਦੋਂ ਦਾਤਾ ਬਹੁਤ ਛੋਟੀ ਉਮਰ ਦਾ ਬੱਚਾ ਹੋਵੇ, ਤਾਂ ਆਮ ਤੌਰ 'ਤੇ ਦੋਵੇਂ ਕਿਡਨੀਆਂ ਇਕੱਠੀਆਂ ਟਰਾਂਸਪਲਾਂਟ ਕੀਤੀਆਂ ਜਾਂਦੀਆਂ ਹਨ।"

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦਿਲ ਅਤੇ ਫੇਫੜਿਆਂ ਵਰਗੇ ਅੰਗਾਂ ਦੀ ਟਰਾਂਸਪਲਾਂਟੇਸ਼ਨ ਦੌਰਾਨ ਸਰੀਰ ਦਾ ਭਾਰ ਅਤੇ ਅੰਗਾਂ ਦੀ ਸਤਹੀ ਖੇਤਰਫਲ ਵਰਗੇ ਤੱਤ ਬਹੁਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਨੇ ਇਹ ਵੀ ਉਲੇਖ ਕੀਤਾ ਕਿ ਬਹੁਤ ਸਾਰੇ ਬੱਚੇ ਅੰਗ ਟਰਾਂਸਪਲਾਂਟ ਦੀ ਉਡੀਕ ਸੂਚੀ ਵਿੱਚ ਹਨ, ਇਸ ਲਈ ਇਸ ਤਰ੍ਹਾਂ ਦੇ ਦਾਨ ਵਿਸ਼ੇਸ਼ ਮਹੱਤਵ ਰੱਖਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)