ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ 'ਚ ਏਬੀਵੀਪੀ ਦੀ ਜਿੱਤ, ਸੱਥ ਦੀ ਹਾਰ ਪਿੱਛੇ ਕੀ ਰਹੇ ਕਾਰਨ?

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਇਸ ਵਾਰ ਪ੍ਰਧਾਨ ਦੇ ਅਹੁਦੇ 'ਤੇ ਏਬੀਵੀਪੀ ਦੇ ਅੰਕਿਤ ਬਿਧਾਨ ਨੇ ਜਿੱਤ ਦਰਜ ਕੀਤੀ ਹੈ।

ਜਦਕਿ ਪੰਜਾਬ ਯੂਨੀਵਰਸਿਟੀ ਡੈਮੋਕ੍ਰੇਟਿਕ ਫਰੰਟ ਦੇ ਅਰਮਾਨ ਸਿੰਘ ਭਿੰਡਰ ਮੀਤ ਪ੍ਰਧਾਨ ਚੁਣੇ ਗਏ, ਧਿਆਨ ਸਿੰਘ ਸਮੀਰ ਜਨਰਲ ਸਕੱਤਰ ਅਤੇ ਵਿਸ਼ਾਲ ਜੁਆਇੰਟ ਸਕੱਤਰ ਚੁਣੇ ਗਏ ਹਨ।

ਚੋਣ ਤੋਂ ਇੱਕ ਦਿਨ ਪਹਿਲਾਂ ਐੱਸਓਆਈ ਵੱਲੋਂ ਏਬੀਵੀਪੀ ਨੂੰ ਦਿੱਤੇ ਸਮਰਥਨ ਤੋਂ ਬਾਅਦ ਇਹ ਮੁਕਾਬਲਾ ਹੋਰ ਦਿਲਚਸਪ ਹੋ ਗਿਆ ਸੀ।

ਹੁਣ ਨਤੀਜਿਆਂ ਤੋਂ ਬਾਅਦ ਇਸ ਗੱਲ ਦੀ ਚਰਚਾ ਵੀ ਹੋ ਰਹੀ ਹੈ ਕਿ ਏਬੀਵੀਪੀ ਦੀ ਜਿੱਤ ਪਿੱਛੇ ਕਿਹੜੇ ਕਾਰਕ ਰਹੇ ਅਤੇ ਇਸ ਜਿੱਤ ਦੇ ਪੰਜਾਬ ਦੀ ਸਿਆਸਤ ਲਈ ਕੀ ਮਾਅਨੇ ਹੋ ਸਕਦੇ ਹਨ।

ਇਸ ਸਾਲ ਪੰਜਾਬ ਯੂਨੀਵਰਸਿਟੀ ਵਿੱਚ ਲਗਭਗ 16,500 ਵਿਦਿਆਰਥੀ ਵੋਟਰ ਸਨ ਅਤੇ 58.35 ਫੀਸਦ ਵੋਟਾਂ ਪਈਆਂ।

ਇਸ ਵਾਰ ਵਿਦਿਆਰਥੀਆਂ ਵਿੱਚ ਹੋਸਟਲ ਸਹੂਲਤਾਂ, ਕੈਂਪਸ ਸੁਰੱਖਿਆ, ਅਕਾਦਮਿਕ ਮੁੱਦੇ, ਰੋਜ਼ਗਾਰ ਦੇ ਮੌਕੇ ਅਤੇ ਵਿਦਿਆਰਥੀ ਹਿੱਤਾਂ ਦੀ ਨੁਮਾਇੰਦਗੀ ਵਰਗੇ ਮੁੱਦੇ ਚਰਚਾ ਵਿੱਚ ਰਹੇ ਹਨ।

ਪ੍ਰਧਾਨ ਦੇ ਅਹੁਦੇ ਲਈ ਮੁੱਖ ਮੁਕਾਬਲਾ ਏਬੀਵੀਪੀ ਦੇ ਅੰਕਿਤ ਬਿਧਾਨ, ਐੱਨਐੱਸਯੂਆਈ ਦੇ ਗੁਰਮਨ ਸਿੰਘ ਸਿੱਧੂ, ਏਐੱਸਏਪੀ ਦੇ ਆਦਿਲ ਬਰਾੜ ਅਤੇ 'ਸੱਥ' ਦੇ ਦਰਸ਼ਪ੍ਰੀਤ ਸਿੰਘ ਵਿਚਕਾਰ ਰਿਹਾ।

ਆਖ਼ਰਕਾਰ ਏਬੀਵੀਪੀ ਨੇ ਪ੍ਰਧਾਨਗੀ ਦੀ ਬਾਜ਼ੀ ਮਾਰ ਲਈ।

ਚੋਣ ਜਿੱਤਣ ਮਗਰੋਂ ਅੰਕਿਤ ਨੇ ਕੀ ਕਿਹਾ

ਅੰਕਿਤ ਬਿਧਾਨ ਨੇ ਕਿਹਾ, "ਇਹ ਮੇਰੇ ਇਕੱਲੇ ਦੀ ਜਿੱਤ ਨਹੀਂ ਹੈ। ਇਹ ਪੂਰੀ ਜੈੱਨ ਜ਼ੀ ਦੀ ਜਿੱਤ ਹੈ ਅਤੇ ਜੈੱਨ ਜ਼ੀ ਨੇ ਅੱਜ ਸਾਬਤ ਕਰ ਦਿੱਤਾ ਹੈ ਕਿ ਜੈੱਨ ਜ਼ੀ ਦੇ ਦਿਲ ਵਿੱਚ ਏਬੀਵੀਪੀ ਅਤੇ ਮੋਦੀ ਜੀ ਹਨ।"

ਚੋਣਾਂ ਵਿੱਚ ਐੱਸਓਆਈ ਨਾਲ ਹੋਏ ਗਠਜੋੜ ਬਾਰੇ ਪੁੱਛੇ ਜਾਣ 'ਤੇ ਅੰਕਿਤ ਬਿਧਾਨ ਨੇ ਕਿਹਾ ਕਿ ਉਨ੍ਹਾਂ ਦਾ ਐੱਸਓਆਈ ਨਾਲ ਭਾਈਚਾਰਾ ਚੰਗਾ ਰਿਹਾ ਹੈ ਅਤੇ ਗਠਜੋੜ ਵੀ ਵਧੀਆ ਰਿਹਾ। ਉਨ੍ਹਾਂ ਕਿਹਾ, "ਸਾਡਾ ਭਾਈਚਾਰਾ ਚੰਗਾ ਹੈ। ਐੱਸਓਆਈ ਨਾਲ ਚੰਗਾ ਰਿਹਾ।"

ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਨੇ ਜੈੱਨ ਜ਼ੀ ਦੇ ਦਿਲ ਵਿੱਚ ਜਗ੍ਹਾ ਬਣਾਉਣ ਲਈ ਕਿਸ ਤਰ੍ਹਾਂ ਦੀ ਮੁਹਿੰਮ ਚਲਾਈ, ਅੰਕਿਤ ਨੇ ਆਪਣੀ ਪੁਰਾਣੀ ਕੌਂਸਲ ਦੇ ਕੰਮਾਂ ਦਾ ਹਵਾਲਾ ਦਿੱਤਾ।

ਅੰਕਿਤ ਨੇ ਕਿਹਾ, "ਅਸੀਂ ਜੇ ਤੁਸੀਂ ਸਾਡੀ ਪੁਰਾਣੀ ਕੌਂਸਲ ਵੀ ਦੇਖੋਗੇ, ਉਸ ਦਾ ਰਿਪੋਰਟ ਕਾਰਡ ਦਿੱਤਾ ਸੀ, ਕਿਉਂਕਿ ਅਸੀਂ ਆਪਣੇ ਕੰਮ ਦੇ ਦਮ 'ਤੇ ਇਹ ਦਿਖਾਇਆ ਹੈ।"

ਉਨ੍ਹਾਂ ਕਿਹਾ ਕਿ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਨੇ ਵੀ ਉਨ੍ਹਾਂ ਨੂੰ ਸਮਰਥਨ ਦਿੱਤਾ।

ਏਬੀਵੀਪੀ ਦੀ ਜਿੱਤ ਪਿੱਛੇ ਕੀ ਕਾਰਨ ਰਹੇ?

ਪੰਜਾਬ ਯੂਨੀਵਰਸਿਟੀ ਵਿੱਚ ਕਰੀਬ 36 ਸਾਲ ਪ੍ਰੋਫੈਸਰ ਵਜੋਂ ਪੜ੍ਹਾਉਣ ਵਾਲੇ ਰਾਜਨੀਤੀ ਦੇ ਸਾਬਕਾ ਪ੍ਰੋਫੈਸਰ ਮੁਹੰਮਦ ਖ਼ਾਲਿਦ ਏਬੀਵੀਪੀ ਦੀ ਜਿੱਤ ਪਿੱਛੇ ਕਈ ਕਾਰਨਾਂ ਨੂੰ ਜ਼ਿੰਮੇਵਾਰ ਮੰਨਦੇ ਹਨ।

ਉਨ੍ਹਾਂ ਮੁਤਾਬਕ, "ਇਸ ਵਾਰ ਯੂਨੀਵਰਸਿਟੀ ਚੋਣਾਂ ਵਿੱਚ ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਮਹਿਸੂਸ ਹੋਈ, ਜੋ ਉਨ੍ਹਾਂ ਅਨੁਸਾਰ ਪਹਿਲਾਂ ਇਸ ਤਰ੍ਹਾਂ ਨਹੀਂ ਦੇਖੀ ਗਈ।"

ਉਹ ਇਹ ਵੀ ਕਹਿੰਦੇ ਹਨ ਕਿ ਭਾਵੇਂ ਭਾਜਪਾ ਖ਼ਿਲਾਫ਼ ਦੇਸ਼ ਭਰ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਜ਼ਾਹਰ ਕੀਤਾ ਗਿਆ, ਪਰ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਉਸ ਰੋਸ ਦਾ ਖ਼ਾਸ ਅਸਰ ਨਜ਼ਰ ਨਹੀਂ ਆਇਆ।

ਪ੍ਰੋਫੈਸਰ ਮੁਹੰਮਦ ਖ਼ਾਲਿਦ ਅਨੁਸਾਰ, "ਏਬੀਵੀਪੀ ਅਤੇ ਐੱਸਓਆਈ ਵਿਚਕਾਰ ਹੋਇਆ ਗਠਜੋੜ ਵੀ ਏਬੀਵੀਪੀ ਦੀ ਜਿੱਤ ਦਾ ਇੱਕ ਅਹਿਮ ਕਾਰਨ ਰਿਹਾ। ਯੂਨੀਵਰਸਿਟੀ ਚੋਣਾਂ ਵਿੱਚ ਇਸ ਗਠਜੋੜ ਦੀ ਸਫ਼ਲਤਾ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਵੀ ਪੈ ਸਕਦਾ ਹੈ।"

ਉਨ੍ਹਾਂ ਮੁਤਾਬਕ ਭਾਜਪਾ ਅਤੇ ਅਕਾਲੀ ਦਲ ਹੁਣ ਇਹ ਵੀ ਸੋਚ ਸਕਦੇ ਹਨ ਕਿ ਜੇ ਪੰਜਾਬ ਯੂਨੀਵਰਸਿਟੀ ਵਿੱਚ ਦੋਵਾਂ ਧਿਰਾਂ ਦਾ ਇਹ ਗਠਜੋੜ ਕਾਮਯਾਬ ਹੋ ਸਕਦਾ ਹੈ ਤਾਂ ਪੰਜਾਬ ਦੀ ਸਿਆਸਤ ਵਿੱਚ ਵੀ ਅਜਿਹਾ ਗਠਜੋੜ ਸੰਭਵ ਹੋ ਸਕਦਾ ਹੈ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਆਸ਼ੂਤੋਸ਼ ਕਹਿੰਦੇ ਹਨ ਕਿ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਕਿਸੇ ਵਿਚਾਰਧਾਰਾ ਦੇ ਉੱਤੇ ਅਧਾਰਿਤ ਨਹੀਂ ਹੁੰਦੀਆਂ ਇਹਨਾਂ ਚੋਣਾਂ ਵਿੱਚ ਰਿਸੋਰਸ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ।

ਇਹ ਜ਼ਰੂਰੀ ਨਹੀਂ ਹੈ ਕਿ ਰਿਸੋਰਸਿਜ਼ ਦੀ ਵਰਤੋਂ ਸਿਰਫ ਏਬੀਵੀਪੀ ਨੇ ਕੀਤੀ ,ਬਾਕੀ ਪਾਰਟੀਆਂ ਵੀ ਹੁਣ ਚੋਣਾਂ ਦੇ ਵਿੱਚ ਰੀਸੋਰਸਿਜ਼ ਦੀ ਹੀ ਜ਼ਿਆਦਾ ਵਰਤੋਂ ਕਰਦੀਆਂ ਹਨ।

ਨਹੀਂ ਤੇ ਜਿਸ ਤਰ੍ਹਾਂ ਦੇਸ਼ ਦੇ ਹੋਰ ਇਲਾਕਿਆਂ ਵਿੱਚ ਭਾਜਪਾ ਖਿਲਾਫ਼ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤੇ, ਇਸਦਾ ਅਸਰ ਪੰਜਾਬ ਯੂਨੀਵਰਸਿਟੀ ਵਿੱਚ ਬਿਲਕੁਲ ਵੀ ਨਹੀਂ ਦਿਖਣ ਨੂੰ ਮਿਲਿਆ।

ਐੱਸਓਆਈ ਦੇ ਸਮਰਥਨ ਨੇ ਕਿੰਨਾ ਬਦਲਿਆ ਸਮੀਕਰਨ?

ਚੋਣ ਤੋਂ ਠੀਕ ਪਹਿਲਾਂ ਐੱਸਓਆਈ ਵੱਲੋਂ ਏਬੀਵੀਪੀ ਨੂੰ ਸਮਰਥਨ ਦੇਣ ਦਾ ਫ਼ੈਸਲਾ ਇਸ ਚੋਣ ਦਾ ਇੱਕ ਅਹਿਮ ਸਿਆਸੀ ਪੱਖ ਰਿਹਾ।

ਇਸ ਸਮਰਥਨ ਨਾਲ ਦੋਵਾਂ ਧਿਰਾਂ ਦਾ ਵੋਟ ਆਧਾਰ ਇੱਕ ਪਾਸੇ ਇਕੱਠਾ ਹੋਇਆ ਅਤੇ ਮੁਕਾਬਲੇ ਦੇ ਸਮੀਕਰਨ ਬਦਲੇ। ਨਤੀਜੇ ਆਉਣ ਤੋਂ ਬਾਅਦ ਇਸ ਗਠਜੋੜ ਨੂੰ ਏਬੀਵੀਪੀ ਦੀ ਜਿੱਤ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।

ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦੇ ਕੀ ਮਾਅਨੇ?

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਨੂੰ ਸਿਰਫ਼ ਕੈਂਪਸ ਦੀ ਰਾਜਨੀਤੀ ਤੱਕ ਸੀਮਤ ਨਹੀਂ ਮੰਨਿਆ ਜਾਂਦਾ। ਇੱਥੋਂ ਦੇ ਨਤੀਜਿਆਂ ਨੂੰ ਵਿਦਿਆਰਥੀਆਂ ਦੇ ਰਾਜਨੀਤਕ ਰੁਝਾਨਾਂ ਦੇ ਸੰਕੇਤ ਵਜੋਂ ਵੀ ਦੇਖਿਆ ਜਾਂਦਾ ਹੈ ਅਤੇ ਇਸੇ ਕਾਰਨ ਸਿਆਸੀ ਧਿਰਾਂ ਦੀ ਵੀ ਇਨ੍ਹਾਂ ਚੋਣਾਂ 'ਤੇ ਨਜ਼ਰ ਰਹਿੰਦੀ ਹੈ।

ਪੰਜਾਬ ਯੂਨੀਵਰਸਿਟੀ ਨੂੰ ਲੰਬੇ ਸਮੇਂ ਤੋਂ ਸਿਆਸੀ ਆਗੂਆਂ ਦੀ ਨਰਸਰੀ ਵਜੋਂ ਵੀ ਦੇਖਿਆ ਜਾਂਦਾ ਰਿਹਾ ਹੈ। ਇੱਥੇ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਰਹੇ ਕਈ ਆਗੂ ਬਾਅਦ ਵਿੱਚ ਪੰਜਾਬ ਅਤੇ ਦੇਸ਼ ਦੀ ਸਰਗਰਮ ਰਾਜਨੀਤੀ ਦਾ ਹਿੱਸਾ ਬਣੇ ਹਨ।

ਕਾਂਗਰਸ ਦੇ ਸੀਨੀਅਰ ਆਗੂ ਪਵਨ ਕੁਮਾਰ ਬਾਂਸਲ ਨੇ ਵੀ ਵਿਦਿਆਰਥੀ ਜੀਵਨ ਦੌਰਾਨ ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤਕ ਸਰਗਰਮੀਆਂ ਰਾਹੀਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ।

ਹਾਲੀਆ ਸਾਲਾਂ ਵਿੱਚ ਵੀ ਇੱਥੋਂ ਨਿਕਲੇ ਕਈ ਵਿਦਿਆਰਥੀ ਆਗੂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜ ਕੇ ਸਰਗਰਮ ਰਾਜਨੀਤੀ ਵਿੱਚ ਆਏ ਹਨ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਨਾਂ ਵੀ ਸ਼ਾਮਲ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)