ਮੱਧ ਪ੍ਰਦੇਸ਼: ਕੂਨੋ ਵਿੱਚ ਚੀਤੇ ਨੂੰ ਕਿਸ ਨੇ ਮਾਰੀ ਗੋਲੀ ? ਸਰੀਰ ਤੋਂ ਮਿਲੇ ਪੰਜ ਛਰਲੇ, ਜਾਂਚ ਲਈ ਕੇਂਦਰ ਨੇ ਭੇਜੀ ਟੀਮ

    • ਲੇਖਕ, ਵਿਸ਼ਣੂਕਾਂਤ ਤਿਵਾਰੀ
    • ਰੋਲ, ਭੋਪਾਲ ਤੋਂ ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹੱਤਵਪੂਰਨ ਚੀਤਾ ਪੁਨਰਵਾਸ ਯੋਜਨਾ ਤਹਿਤ ਭਾਰਤ ਲਿਆਏ ਗਏ ਚੀਤਿਆਂ ਵਿੱਚੋਂ ਇਕ 19 ਮਹੀਨਿਆਂ ਦੇ ਚੀਤੇ ਦੀ ਗੋਲੀ ਮਾਰ ਕੇ ਛਰਲੇ ਲੱਗਣ ਨਾਲ ਮੌਤ ਹੋ ਗਈ।

ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦੀ ਮਾਦਾ ਚੀਤਾ ਨਿਰਵਾ ਦੇ 19 ਮਹੀਨੇ ਦੇ ਨਰ ਬੱਚੇ ਕੇ.ਐਨ.ਜੀ 22 ਦੇ ਸਰੀਰ ਵਿਚੋਂ ਅਪਰੇਸ਼ਨ ਦੌਰਾਨ ਗੋਲੀ ਦੇ ਪੰਜ ਛਰਲੇ ਕੱਢੇ ਗਏ।

ਇਸ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਟੀਮ ਭੇਜੀ ਹੈ।

ਪੀਆਈਬੀ ਮੁਤਾਬਕ, ਇਸ ਟੀਮ ਵਿੱਚ ਰਾਸ਼ਟਰੀ ਬਾਘ ਸੁਰੱਖਿਆ ਅਥਾਰਟੀ ਦੇ ਜੰਗਲਾਤ ਮਹਾਂਨਿਰੀਖਕ, ਵਾਈਲਡ ਲਾਈਫ ਕਰਾਈਮ ਕੰਟਰੋਲ ਬਿਉਰੋ ਦੇ ਵਧੀਕ ਡਾਇਰੈਕਟਰ ਅਤੇ ਬਿਉਰੋ ਦੇ ਖੇਤਰੀ ਡਿਪਟੀ ਡਾਇਰੈਕਟਰ ਸ਼ਾਮਲ ਹਨ।

ਮੱਧ ਪ੍ਰਦੇਸ਼ ਸਰਕਾਰ ਨੇ ਵੀ ਜੰਗਲਾਤ ਅਤੇ ਪੁਲਿਸ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਹੈ।

ਇਹ ਘਟਨਾ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤ ਵਿੱਚ ਚੀਤਿਆਂ ਨੂੰ ਦੁਬਾਰਾ ਵਸਾਉਣ ਦੀ ਪਰਿਯੋਜਨਾ ਤਹਿਤ ਉਨ੍ਹਾਂ ਦੀ ਗਿਣਤੀ ਵਧਾਉਣ ਦੇ ਨਾਲ ਉਨ੍ਹਾਂ ਦੀ ਸੁਰੱਖਿਆ ਅਤੇ ਨਿਗਰਾਨੀ 'ਤੇ ਸਾਲ 2022 ਤੋਂ ਪਹਿਲ ਸ਼ੁਰੂ ਕੀਤੀ ਗਈ।

ਅਧਿਕਾਰੀਆਂ ਨੇ ਕੀ ਦੱਸਿਆ ?

ਮੱਧ ਪ੍ਰਦੇਸ਼ ਦੇ ਪ੍ਰਧਾਨ ਮੁੱਖ ਜੰਗਲਾਤ ਪਾਲ ਅਤੇ ਮੁੱਖ ਜੰਗਲੀ ਜੀਵ ਵਾਰਡਨ ਡਾ.ਸਮੀਤਾ ਰਾਜੌਰਾ ਨੇ ਬੀਬੀਸੀ ਨੂੰ ਕਿਹਾ, "ਕੇ.ਐਨ.ਜੀ 22 ਨੂੰ 25 ਅਕਤੂਬਰ ਨੂੰ ਸ਼ਿਓਪੁਰ ਟੈਰੀਟੋਰੀਅਲ ਫੋਰੈਸਟ ਡਿਵੀਜ਼ਨ ਦੇ ਕੰਪਾਰਟਮੈਂਟ ਨੰਬਰ 748 ਦੇ ਇਲਾਕੇ ਵਿੱਚ ਜ਼ਖਮੀ ਹਾਲਤ ਵਿੱਚ ਪਾਇਆ ਗਿਆ ਸੀ। ਅਸੀਂ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ।"

ਰਾਜੌਰਾ ਮੁਤਾਬਕ, "ਸ਼ੁਰੂਆਤੀ ਐਕਸ ਰੇ ਵਿੱਚ ਚੀਤੇ ਦੇ ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਕਈ ਬਾਹਰੀ ਵਸਤੂਆਂ ਦਿਖਾਈ ਦਿੱਤੀਆਂ ਸੀ। ਇਸ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ। ਮਾਹਿਰਾਂ ਦੀ ਸਲਾਹ ਤੋਂ ਬਾਅਦ ਜ਼ਖਮੀ ਚੀਤੇ ਨੂੰ ਜਬਲਪੁਰ ਸਥਿਤ ਨਾਨਾਜੀ ਦੇਸ਼ਮੁਖ ਪਸ਼ੂ ਮੈਡੀਕਲ ਵਿਗਿਆਨ ਯੂਨੀਵਰਸਿਟੀ ਦੇ ਪਸ਼ੂ ਸਰਜਰੀ ਅਤੇ ਰੇਡੀਓਲਾਜੀ ਵਿਭਾਗ ਵਿੱਚ ਭੇਜਿਆ ਗਿਆ। ਉੱਥੇ ਚੀਤੇ ਦੇ ਸਰੀਰ ਵਿੱਚੋਂ ਪੰਜ ਫਾਇਰਆਰਮ ਪੈਲੇਟ ਯਾਨੀ ਬੰਦੂਕ ਦੇ ਛਰਲੇ ਕੱਢੇ ਗਏ।"

ਰਾਜੌਰਾ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਕਿਹਾ ਕਿ ਕਈ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ, "ਦੇਖੋ ਉਹ ਇਲਾਕਾ ਪਹਿਲਾਂ ਤੋਂ ਸੰਵੇਦਨਸ਼ੀਲ ਹੈ। ਕੁਝ ਸਮਾਂ ਪਹਿਲਾਂ ਉੱਥੇ ਤੇਂਦੂਏ ਦੇ ਸ਼ਿਕਾਰ ਦੀ ਘਟਨਾ ਸਾਹਮਣੇ ਆਈ ਸੀ। ਤਾਂ ਚੀਤੇ ਦਾ ਸ਼ਿਕਾਰ ਹੋਇਆ ਹੈ ਜਾਂ ਕਿਸੇ ਪਿੰਡ ਵਾਸੀ ਨੇ ਆਪਣੇ ਪਸ਼ੂਆਂ ਦੇ ਬਚਾਅ ਵਿੱਚ ਅਜਿਹਾ ਕੀਤਾ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ।"

ਰਾਜੌਰਾ ਮੁਤਾਬਕ ਹਰ ਚੀਤੇ ਦੇ ਪਿੱਛੇ ਇੱਕ ਮਾਨਿਟਰਿੰਗ ਟੀਮ ਹੈ ਜੋ ਲਗਾਤਾਰ ਰੇਡੀਓ ਕਾਲਰ ਦੇ ਸਿਗਨਲ ਨਾਲ ਚੀਤੇ 'ਤੇ ਨਜ਼ਰ ਬਣਾਈ ਰੱਖਦੀ ਹੈ। ਜਾਂਚ ਦਲ ਇਸ ਗੱਲ ਦੀ ਵੀ ਜਾਂਚ ਕਰਨਗੇ ਕਿ ਮਾਨਿਟਰਿੰਗ ਟੀਮ ਨੂੰ ਗੋਲੀ ਚਲਾਉਣ ਦੀ ਅਵਾਜ਼ ਕਿਉਂ ਨਹੀਂ ਸੁਣਾਈ ਦਿੱਤੀ ਅਤੇ ਰੇਡੀਓ ਕਾਲਰ ਦੇ ਸਿਗਨਲ ਨੂੰ ਟ੍ਰੈਕ ਕਰਨ ਵਿੱਚ ਕਿਤੇ ਕੋਈ ਭੁੱਲ ਤਾਂ ਨਹੀਂ ਹੋਈ।

ਕੇਂਦਰ ਸਰਕਾਰ ਨੇ ਭੇਜੀ ਉੱਚ ਪੱਧਰੀ ਟੀਮ

ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 28 ਅਕਤੂਬਰ ਨੂੰ ਇਸ ਮਾਮਲੇ ਦੀ ਜਾਂਚ ਲਈ ਉਚ ਪੱਧਰੀ ਟੀਮ ਭੇਜਣ ਦੀ ਜਾਣਕਾਰੀ ਦਿੱਤੀ।

ਇਹ ਟੀਮ ਘਟਨਾ ਦੇ ਹਾਲਾਤ ਦੀ ਜਾਂਚ ਕਰੇਗੀ। ਉਪਲਬਧ ਸਬੂਤਾਂ ਦੀ ਪੜਤਾਲ ਕਰੇਗੀ ਅਤੇ ਮੱਧ ਪ੍ਰਦੇਸ਼ ਜੰਗਲਾਤ ਵਿਭਾਗ ਨਾਲ ਤਾਲਮੇਲ ਕਰਕੇ ਕਾਰਵਾਈ ਦੀ ਸਿਫਾਰਸ਼ ਕਰੇਗੀ।

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਟੀਮ ਆਪਣੀ ਜਾਂਚ ਅਤੇ ਸਿਫਾਰਸ਼ਾਂ ਵਿਭਾਗ ਨੂੰ ਸੌਂਪੇਗੀ ਜਿਸ ਦੇ ਅਧਾਰ 'ਤੇ ਸੂਬਾ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਲਈ ਅੱਗੇ ਦੇ ਨਿਰਦੇਸ਼ ਤੈਅ ਕੀਤੇ ਜਾ ਸਕਦੇ ਹਨ।

ਮੱਧ ਪ੍ਰਦੇਸ਼ ਦੇ ਵਾਈਲਡ ਲਾਈਫ ਐਕਟੀਵਿਸਟ ਅਜੇ ਦੂਬੇ ਨੇ ਇਸ ਮਾਮਲੇ ਵਿੱਚ ਜੰਗਲਾਤ ਵਿਭਾਗ ਦੀ ਵਿਵਸਥਾ 'ਤੇ ਸਵਾਲ ਚੁੱਕੇ ਹਨ।

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਰੇਡੀਓ ਕਾਲਰ ਵਾਲੇ ਚੀਤੇ ਦੀ ਲੋਕੇਸ਼ਨ ਸ਼ਿਕਾਰੀਆਂ ਨੂੰ ਕਿਵੇਂ ਮਿਲੀ ਅਤੇ ਉਸ ਦੀ ਨਿਗਰਾਨੀ ਲਈ ਜ਼ਿੰਮੇਵਾਰ ਟੀਮ ਕਿੱਥੇ ਸੀ।"

ਦੂਬੇ ਨੇ ਇਲਜ਼ਾਮ ਲਗਾਉਂਦਿਆਂ ਕਿਹਾ, "ਇਲਾਕੇ ਵਿੱਚ ਪਹਿਲਾਂ ਵੀ ਤੇਂਦੂਏ ਦੇ ਸ਼ਿਕਾਰ ਨਾਲ ਜੁੜੇ ਮਾਮਲੇ ਸਾਹਮਣੇ ਆਏ ਪਰ ਇਨ੍ਹਾਂ ਘਟਨਾਵਾਂ ਤੋਂ ਸਬਕ ਨਹੀਂ ਲਿਆ ਗਿਆ।"

ਦੂਬੇ ਮੁਤਾਬਕ 2025 ਅਤੇ 2026 ਵਿੱਚ ਇਸ ਵਿਆਪਕ ਜੰਗਲਾਤ ਖੇਤਰ ਵਿੱਚ ਅੰਤਰ-ਰਾਜੀ ਸ਼ਿਕਾਰੀ ਗਿਰੋਹਾਂ ਦੇ ਫੜੇ ਜਾਣ ਬਾਅਦ ਵੀ ਸੁਰੱਖਿਆ ਵਿਵਸਥਾ 'ਤੇ ਸਵਾਲ ਬਣੇ ਹੋਏ ਹਨ।

ਕੂਨੋ, ਸ਼ਯੋਪੁਰ ਅਤੇ ਮੁਰੈਨਾ ਦੇ ਆਲੇ ਦੁਆਲੇ ਦੇ ਜੰਗਲ ਪਹਿਲਾਂ ਵੀ ਤੇਂਦੂਏ ਦੇ ਕਥਿਤ ਸ਼ਿਕਾਰ ਨਾਲ ਜੁੜੀ ਜਾਂਚ ਦੇ ਕੇਂਦਰ ਵਿੱਚ ਰਹੇ ਹਨ।

ਇਸ ਸਾਲ ਦੀ ਸ਼ੁਰੂਆਤ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਇਲਾਕੇ ਵਿੱਚ ਤੇਂਦੂਏ ਦੇ ਕਤਲ ਅਤੇ ਉਨ੍ਹਾਂ ਦੇ ਅੰਗਾਂ ਦੀ ਤਸਕਰੀ ਨਾਲ ਜੁੜੇ ਕਥਿਤ ਨੈਟਵਰਕ ਦੀ ਜਾਂਚ ਕੀਤੀ ਗਈ ਸੀ। ਇਸ ਸਿਲਸਿਲੇ ਵਿੱਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਖ਼ਬਰਾਂ ਆਈਆਂ ਸੀ।

ਜੰਗਲਾਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ, "ਹਾਲੇ ਪਹਿਲ ਇਹ ਹੋਣੀ ਚਾਹੀਦੀ ਹੈ ਕਿ ਚੀਤੇ ਨੂੰ ਕਿਸ ਤਰ੍ਹਾਂ ਦੇ ਹਥਿਆਰ ਨਾਲ ਸੱਟ ਪਹੁੰਚੀ, ਗੋਲੀ ਕਿਸ ਨੇ ਚਲਾਈ ਅਤੇ ਕੀ ਇਹ ਜਾਣ ਬੁੱਝ ਕੇ ਕੀਤਾ ਗਿਆ ਹਮਲਾ ਸੀ।"

ਜੰਗਲਾਤ ਵਿਭਾਗ ਮੁਤਾਬਕ ਕੇ.ਐਨ.ਜੀ22 ਦੀ ਮੌਤ ਤੋਂ ਬਾਅਦ ਭਾਰਤ ਵਿੱਚ ਚੀਤਿਆਂ ਦੀ ਕੁੱਲ ਗਿਣਤੀ 58 ਰਹਿ ਗਈ ਹੈ। ਇਨ੍ਹਾਂ ਵਿੱਚ 22 ਕੂਨੋ ਨੈਸ਼ਨਲ ਪਾਰਕ, ਚਾਰ ਗਾਂਧੀ ਸਾਗਰ ਜੰਗਲੀ ਜੀਵ ਰੱਖ ਅਤੇ ਦੋ ਵੀਰਾਂਗਣਾ ਦੁਰਗਾਵਤੀ ਟਾਈਗਰ ਰਿਜ਼ਰਵ ਵਿੱਚ ਹਨ।

ਭਾਰਤ ਵਿੱਚ ਚੀਤਿਆਂ ਨੂੰ ਫਿਰ ਤੋਂ ਵਸਾਉਣ ਦੀ ਪਰਿਯੋਜਨਾ ਸਤੰਬਰ 2022 ਵਿੱਚ ਸ਼ੁਰੂ ਹੋਈਆਂ ਸੀ ਜਦੋਂ ਨਾਮੀਬੀਆ ਤੋਂ ਅੱਠ ਚੀਤੇ ਲਿਆਂਦੇ ਗਏ ਸੀ। ਇਸ ਤੋਂ ਬਾਅਦ ਫ਼ਰਵਰੀ 2023 ਵਿਚ ਦੱਖਣੀ ਅਫ਼ਰੀਕਾ ਤੋਂ 12 ਹੋਰ ਚੀਤੇ ਲਿਆਂਦੇ ਗਏ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)