ਸ਼ੇਅਰ ਬਾਜ਼ਾਰ ਦਾ ਕੰਟਰੋਲ ਜਦੋਂ ਕੁਝ ਅਮੀਰਾਂ ਕੋਲ ਸੀ, ਉਸ ਵੇਲੇ ਰਿਲਾਇੰਸ ਕਿਵੇਂ ਆਮ ਆਦਮੀ ਨੂੰ ਬਾਜ਼ਾਰ ਤੱਕ ਲੈ ਕੇ ਆਇਆ

    • ਲੇਖਕ, ਅਜੀਤ ਗੜਵੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਰਿਲਾਇੰਸ ਗਰੁੱਪ ਦੀ ਦੂਰਸੰਚਾਰ ਕੰਪਨੀ 'ਜਿਓ ਪਲੇਟਫਾਰਮਸ' ਦਾ ਮੈਗਾ ਆਈਪੀਓ ਅੱਜ-ਕੱਲ੍ਹ ਦੇਸ਼ ਅਤੇ ਵਿਦੇਸ਼ ਵਿੱਚ ਕਾਫ਼ੀ ਸੁਰਖੀਆਂ ਵਿੱਚ ਹੈ।

ਕੰਪਨੀ ਨੇ 30,213 ਕਰੋੜ ਰੁਪਏ ਦਾ ਆਈਪੀਓ ਜਾਰੀ ਕੀਤਾ ਹੈ।

ਇਸ ਦੌਰਾਨ ਜਿਓ ਪਲੇਟਫਾਰਮਸ ਦਾ ਆਈਪੀਓ ਇੱਕ ਤੋਂ ਬਾਅਦ ਇੱਕ ਨਵੇਂ ਰਿਕਾਰਡ ਬਣਾ ਰਿਹਾ ਹੈ। ਸ਼ੁੱਕਰਵਾਰ, 23 ਅਕਤੂਬਰ ਨੂੰ ਆਈਪੀਓ ਵਿੱਚ ਅਰਜ਼ੀ ਲਈ ਭੁਗਤਾਨ ਦੀ ਆਖਰੀ ਤਾਰੀਖ ਸੀ ਅਤੇ 'ਮਨੀਕੰਟ੍ਰੋਲ ਡੋਟ ਕੋਮ' ਦੇ ਅਨੁਸਾਰ, ਇਹ ਲਗਭਗ 22.19 ਗੁਣਾ ਸਬਸਕ੍ਰਾਈਬ ਹੋਇਆ ਹੈ।

ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, ਜਿਓ ਪਲੇਟਫਾਰਮਸ ਦਾ ਮੈਗਾ ਆਈਪੀਓ ਦੁਨੀਆ ਦਾ ਪਹਿਲਾ ਅਜਿਹਾ ਆਈਪੀਓ ਹੈ, ਜਿਸ ਨੂੰ ਇੱਕ ਕਰੋੜ ਤੋਂ ਵੱਧ ਅਰਜ਼ੀਆਂ ਮਿਲੀਆਂ ਹਨ।

ਰਿਲਾਇੰਸ ਗਰੁੱਪ ਦਾ ਪਹਿਲਾ ਆਈਪੀਓ

ਰਿਲਾਇੰਸ ਜਿਓ ਦੇ ਆਈਪੀਓ ਨੂੰ ਲੈ ਕੇ ਹੋ ਰਹੀ ਇੰਨੀ ਚਰਚਾ ਦੇ ਵਿਚਕਾਰ ਇਹ ਜਾਣਨਾ ਦਿਲਚਸਪ ਹੋਵੇਗਾ ਕਿ 49 ਸਾਲ ਪਹਿਲਾਂ, ਜਦੋਂ ਰਿਲਾਇੰਸ ਗਰੁੱਪ ਨੇ ਆਪਣਾ ਪਹਿਲਾ ਆਈਪੀਓ ਲਾਂਚ ਕੀਤਾ ਸੀ, ਓਦੋਂ ਮਾਹੌਲ ਕਿਹੋ ਜਿਹਾ ਸੀ ਅਤੇ ਨਿਵੇਸ਼ਕਾਂ ਨੇ ਇਸ ਤੋਂ ਕਿੰਨਾ ਮੁਨਾਫ਼ਾ ਕਮਾਇਆ ਸੀ।

ਉਦਯੋਗਪਤੀ ਧੀਰੂਭਾਈ ਅੰਬਾਨੀ ਨੇ ਰਿਲਾਇੰਸ ਗਰੁੱਪ ਦੀ ਸਥਾਪਨਾ ਕੀਤੀ ਸੀ। ਗਰੁੱਪ ਦਾ ਪਹਿਲਾ ਆਈਪੀਓ 1977 ਵਿੱਚ ਆਇਆ ਸੀ ਅਤੇ ਉਸ ਸਮੇਂ ਕੰਪਨੀ ਦਾ ਨਾਂ 'ਰਿਲਾਇੰਸ ਟੈਕਸਟਾਈਲ ਇੰਡਸਟਰੀਜ਼' ਸੀ।

ਰਿਕਾਰਡ ਦੱਸਦੇ ਹਨ ਕਿ 15 ਤੋਂ 17 ਨਵੰਬਰ 1977 ਦੇ ਵਿਚਕਾਰ ਕੰਪਨੀ ਨੇ ਆਈਪੀਓ ਰਾਹੀਂ 2.80 ਕਰੋੜ ਰੁਪਏ ਇਕੱਠੇ ਕੀਤੇ ਅਤੇ 23 ਜਨਵਰੀ 1978 ਨੂੰ ਰਿਲਾਇੰਸ ਟੈਕਸਟਾਈਲ ਦੇ ਸ਼ੇਅਰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਅਹਿਮਦਾਬਾਦ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਹੋਏ।

'ਫਾਰਚੂਨ ਇੰਡੀਆ' ਪੱਤ੍ਰਿਕਾ ਦੀ ਹਾਲੀਆ ਰਿਪੋਰਟ ਅਨੁਸਾਰ, ਰਿਲਾਇੰਸ ਟੈਕਸਟਾਈਲਸ ਇੰਡਸਟਰੀਜ਼ ਨੇ 10 ਰੁਪਏ ਪ੍ਰਤੀ ਸ਼ੇਅਰ ਦੇ ਭਾਅ 'ਤੇ 28.2 ਲੱਖ ਸ਼ੇਅਰ ਜਾਰੀ ਕੀਤੇ ਸਨ। ਇਸ ਲਈ 7.19 ਗੁਣਾ ਅਰਜ਼ੀਆਂ ਮਿਲੀਆਂ ਸਨ।

ਇਸ ਨਾਲ ਕੰਪਨੀ ਨੂੰ ਲਗਭਗ 58 ਹਜ਼ਾਰ ਸ਼ੇਅਰਧਾਰਕ ਮਿਲੇ। ਕਾਰੋਬਾਰ ਦੇ ਪਹਿਲੇ ਦਿਨ ਸ਼ੇਅਰ 17 ਤੋਂ 18 ਰੁਪਏ ਪ੍ਰਤੀ ਸ਼ੇਅਰ ਦੇ ਭਾਅ 'ਤੇ ਵਿਕੇ। ਇਸਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ ਲਿਸਟਿੰਗ ਵਾਲੇ ਦਿਨ ਹੀ 70 ਤੋਂ 80 ਪ੍ਰਤੀਸ਼ਤ ਦਾ ਮੁਨਾਫ਼ਾ ਹੋਇਆ।

ਇਹ ਕੋਈ ਫਰੈਸ਼ ਇਸ਼ੂ ਨਹੀਂ ਸੀ, ਬਲਕਿ ਕੰਪਨੀ ਦੇ ਪ੍ਰਮੋਟਰ ਧੀਰੂਭਾਈ ਅੰਬਾਨੀ ਅਤੇ ਉਨ੍ਹਾਂ ਦੇ ਭਰਾ ਨਟਵਰਲਾਲ ਅੰਬਾਨੀ ਨੇ ਆਪਣੀ ਹਿੱਸੇਦਾਰੀ ਵੇਚੀ ਸੀ। ਅੱਗੇ ਚੱਲ ਕੇ 1985 ਵਿੱਚ ਰਿਲਾਇੰਸ ਟੈਕਸਟਾਈਲਜ਼ ਦਾ ਨਾਂ ਬਦਲ ਕੇ 'ਰਿਲਾਇੰਸ ਇੰਡਸਟਰੀਜ਼' ਕਰ ਦਿੱਤਾ ਗਿਆ।

ਕੰਪਨੀ ਦੀ 1976-1977 ਦੀ ਸਾਲਾਨਾ ਰਿਪੋਰਟ ਮੁਤਾਬਕ, ਆਈਪੀਓ ਤੋਂ ਬਾਅਦ 57,949 ਸ਼ੇਅਰਧਾਰਕ ਰਜਿਸਟਰਡ ਹੋਏ ਸਨ। ਇਨ੍ਹਾਂ ਵਿੱਚੋਂ 56,129 ਸ਼ੇਅਰਧਾਰਕਾਂ ਕੋਲ 200 ਤੱਕ ਸ਼ੇਅਰ, 1,647 ਸ਼ੇਅਰਧਾਰਕਾਂ ਕੋਲ 225 ਤੋਂ 1,000 ਸ਼ੇਅਰ ਅਤੇ 125 ਸ਼ੇਅਰਧਾਰਕਾਂ ਕੋਲ 1,050 ਤੋਂ 5,000 ਸ਼ੇਅਰ ਸਨ। ਉੱਥੇ ਹੀ, 48 ਸ਼ੇਅਰਧਾਰਕਾਂ ਕੋਲ 5,000 ਤੋਂ ਵੱਧ ਸ਼ੇਅਰ ਸਨ।

10 ਰੁਪਏ ਦੇ ਅੰਕਿਤ ਮੁੱਲ ਦੇ ਮੁਕਾਬਲੇ 17 ਤੋਂ 18 ਰੁਪਏ ਦੀ ਕੀਮਤ 'ਤੇ ਲਿਸਟ ਹੋਣ ਤੋਂ ਬਾਅਦ ਸ਼ੇਅਰ ਦੀ ਕੀਮਤ ਉਸੇ ਸਾਲ ਵੱਧ ਕੇ 50 ਰੁਪਏ ਹੋ ਗਈ। ਇਸ ਤੋਂ ਦੋ ਸਾਲ ਬਾਅਦ ਇਹ 104 ਰੁਪਏ ਅਤੇ ਚਾਰ ਸਾਲ ਵਿੱਚ 186 ਰੁਪਏ 'ਤੇ ਪਹੁੰਚ ਗਈ।

ਨਿਵੇਸ਼ਕਾਂ ਨੇ ਕਿੰਨਾ ਮੁਨਾਫ਼ਾ ਕਮਾਇਆ?

'ਫਾਰਚੂਨ ਇੰਡੀਆ' ਦੀ ਇੱਕ ਰਿਪੋਰਟ ਅਨੁਸਾਰ, ਜੇਕਰ ਤੁਸੀਂ 1977 ਵਿੱਚ ਰਿਲਾਇੰਸ ਦੇ ਆਈਪੀਓ ਦੌਰਾਨ 1,000 ਰੁਪਏ ਦਾ ਨਿਵੇਸ਼ ਕਰਕੇ 100 ਸ਼ੇਅਰ ਖਰੀਦੇ ਹੁੰਦੇ, ਤਾਂ ਬੋਨਸ ਸ਼ੇਅਰਾਂ ਅਤੇ ਸ਼ੇਅਰ ਦੀ ਕੀਮਤ ਵਿੱਚ ਹੋਏ ਵਾਧੇ ਨੂੰ ਮਿਲਾ ਕੇ ਤੁਹਾਡੇ ਨਿਵੇਸ਼ ਦਾ ਮੁੱਲ ਲਗਭਗ 50 ਲੱਖ ਰੁਪਏ ਹੁੰਦਾ। ਇਸ ਤੋਂ ਇਲਾਵਾ, ਕੰਪਨੀ ਨੇ ਇਨ੍ਹਾਂ ਸਾਲਾਂ ਵਿੱਚ ਜੋ ਲਾਭਅੰਸ਼ (ਡਿਵੀਡੈਂਡ) ਦਿੱਤਾ, ਉਸਦੀ ਰਕਮ ਵੱਖ ਹੁੰਦੀ।

ਹਾਲ ਹੀ ਵਿੱਚ, ਕੋਟਕ ਮਹਿੰਦਰਾ ਬੈਂਕ ਦੇ ਸੰਸਥਾਪਕ ਉਦੈ ਕੋਟਕ ਨੇ ਜਿਓ ਦੇ ਇੱਕ ਪ੍ਰੋਗਰਾਮ ਵਿੱਚ ਰਿਲਾਇੰਸ ਟੈਕਸਟਾਈਲਜ਼ ਦੇ ਆਈਪੀਓ ਨੂੰ ਯਾਦ ਕਰਦਿਆਂ ਕਿਹਾ, "1977 ਵਿੱਚ ਜਦੋਂ ਮੈਂ 18 ਸਾਲ ਦਾ ਸੀ, ਓਦੋਂ ਮੁੰਬਈ ਦੀ ਚੋਪਾਟੀ ਅਤੇ ਮਰੀਨ ਡਰਾਈਵ ਨੂੰ ਰਿਲਾਇੰਸ ਟੈਕਸਟਾਈਲਜ਼ ਦੇ ਮਾਰਕੀਟਿੰਗ ਅਭਿਆਨ ਲਈ ਸਜਾਇਆ ਗਿਆ ਸੀ। ਉਹ ਮੇਰੇ ਲਈ ਇੱਕ ਜਾਦੂਈ ਪਲ ਸੀ।"

ਐਸਐਮਸੀ ਗਲੋਬਲ ਸਕਿਓਰਿਟੀਜ਼ ਦੇ ਨਿਰਦੇਸ਼ਕ ਅਤੇ ਸੀਈਓ ਅਜੈ ਗਰਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਰਿਲਾਇੰਸ ਟੈਕਸਟਾਈਲਜ਼ ਇੰਡਸਟਰੀਜ਼ ਦੇ ਆਈਪੀਓ ਦੌਰਾਨ ਪਹਿਲੀ ਵਾਰ ਛੋਟੇ ਸ਼ਹਿਰਾਂ ਦੇ ਲੋਕਾਂ ਨੇ ਵੀ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨਾ ਸ਼ੁਰੂ ਕੀਤਾ ਸੀ।

1977 ਵਿੱਚ ਭਾਰਤ ਦਾ ਮੱਧ ਵਰਗ ਮੁੱਖ ਤੌਰ 'ਤੇ ਸੋਨੇ, ਜ਼ਮੀਨ ਜਾਂ ਬੈਂਕ ਦੀ ਐਫਡੀ ਵਿੱਚ ਨਿਵੇਸ਼ ਕਰਨਾ ਪਸੰਦ ਕਰਦਾ ਸੀ। ਸ਼ੇਅਰ ਬਾਜ਼ਾਰ ਕੁਝ ਵੱਡੇ ਦਲਾਲਾਂ ਅਤੇ ਮੁੰਬਈ ਦੇ ਅਮੀਰ ਲੋਕਾਂ ਤੱਕ ਹੀ ਸੀਮਤ ਸੀ, ਪਰ ਧੀਰੂਭਾਈ ਨੇ ਆਪਣੇ ਏਜੰਟਾਂ ਨੂੰ ਗੁਜਰਾਤ ਸਮੇਤ ਦੇਸ਼ ਭਰ ਦੇ ਛੋਟੇ ਸ਼ਹਿਰਾਂ ਵਿੱਚ ਭੇਜਿਆ।

ਜਦੋਂ ਧੀਰੂਭਾਈ ਨਿਵੇਸ਼ਕਾਂ ਦੇ 'ਸਿਤਾਰੇ' ਬਣ ਗਏ

ਆਸਟ੍ਰੇਲੀਆਈ ਪੱਤਰਕਾਰ ਅਤੇ ਲੇਖਕ ਹੈਮਿਸ਼ ਮੈਕਡੋਨਾਲਡ ਨੇ ਧੀਰੂਭਾਈ ਅੰਬਾਨੀ ਦੇ ਜੀਵਨ 'ਤੇ ਅਧਾਰਤ ਇੱਕ ਜੀਵਨੀ ਲਿਖੀ, ਜਿਸਦਾ ਨਾਂ "ਦ ਪੋਲੀਏਸਟਰ ਪ੍ਰਿੰਸ: ਦਿ ਰਾਈਜ਼ ਆਫ਼ ਧੀਰੂਭਾਈ ਅੰਬਾਨੀ" ਹੈ।

ਇਹ ਪੁਸਤਕ 1998 ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਵਿੱਚ ਉਨ੍ਹਾਂ ਨੇ 'ਗੁਰੂ ਆਫ਼ ਦ ਇਕੁਇਟੀ ਕਲਟ' ਨਾਮ ਦੇ ਚੈਪਟਰ ਵਿੱਚ ਰਿਲਾਇੰਸ ਟੈਕਸਟਾਈਲਜ਼ ਦੇ 1977 ਦੇ ਆਈਪੀਓ ਬਾਰੇ ਚਰਚਾ ਕੀਤੀ ਹੈ।

ਉਹ ਲਿਖਦੇ ਹਨ, "ਪ੍ਰਧਾਨ ਮੰਤਰੀ ਵਜੋਂ ਇੰਦਰਾ ਗਾਂਧੀ ਦਾ ਦੂਜਾ ਕਾਰਜਕਾਲ ਧੀਰੂਭਾਈ ਅੰਬਾਨੀ ਲਈ ਸੁਨਹਿਰੀ ਸਮਾਂ ਸੀ। ਸਾਲਾਨਾ ਵਿਕਰੀ ਦੇ ਲਿਹਾਜ਼ ਨਾਲ, ਉਨ੍ਹਾਂ ਦੀ ਕੰਪਨੀ 1979 ਵਿੱਚ ਭਾਰਤ ਦੀਆਂ ਚੋਟੀ ਦੀਆਂ 50 ਕੰਪਨੀਆਂ ਵਿੱਚ ਵੀ ਸ਼ਾਮਲ ਨਹੀਂ ਸੀ, ਪਰ 1984 ਤੱਕ ਰਿਲਾਇੰਸ ਭਾਰਤ ਦੀਆਂ ਚੋਟੀ ਦੀਆਂ ਪੰਜ ਕੰਪਨੀਆਂ ਵਿੱਚੋਂ ਇੱਕ ਬਣ ਗਈ ਸੀ।"

"ਧੀਰੂਭਾਈ ਖ਼ੁਦ ਭਾਰਤ ਵਿੱਚ ਇੰਨੇ ਮਸ਼ਹੂਰ ਵਿਅਕਤੀ ਬਣ ਗਏ ਸਨ ਕਿ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਕਿਸੇ ਕਾਰੋਬਾਰੀ ਵਾਂਗ ਨਹੀਂ, ਸਗੋਂ ਕਿਸੇ ਕ੍ਰਿਕਟਰ ਜਾਂ ਫਿਲਮ ਸਟਾਰ ਵਾਂਗ ਮੰਨਦੇ ਸਨ।"

ਕਿਤਾਬ ਵਿੱਚ ਅੱਗੇ ਦੱਸਿਆ ਗਿਆ ਹੈ, "ਧੀਰੂਭਾਈ ਨੇ 1970 ਦੇ ਦਹਾਕੇ ਵਿੱਚ ਆਪਣੀ ਵਿਸਥਾਰ ਸਮਰੱਥਾ ਵਧਾ ਲਈ ਸੀ ਅਤੇ ਹੁਣ ਉਹ ਪੂੰਜੀ ਇਕੱਠੀ ਕਰਨ ਦੀ ਤਿਆਰੀ ਕਰ ਰਹੇ ਸਨ। ਧੀਰੂਭਾਈ ਨੇ ਕਰਨਾਟਕ ਵਿੱਚ 'ਮਾਇਨਾਈਲੋਨ ਲਿਮਿਟੇਡ' ਨਾਮ ਦੀ ਇੱਕ ਕੰਪਨੀ ਸ਼ੁਰੂ ਕੀਤੀ।"

"1975 ਵਿੱਚ, ਉਨ੍ਹਾਂ ਨੇ ਕਰਨਾਟਕ ਅਤੇ ਬੰਬੇ ਹਾਈ ਕੋਰਟਾਂ ਦੀ ਮਨਜ਼ੂਰੀ ਲੈ ਕੇ ਰਿਲਾਇੰਸ ਅਤੇ ਮਾਇਨਾਈਲੋਨ ਦਾ ਰਲੇਵਾਂ ਕਰ ਦਿੱਤਾ। ਇਸ ਵਿੱਚ, ਸਿਰਫ਼ 11,000 ਰੁਪਏ ਦੀ ਅਦਾ ਕੀਤੀ ਪੂੰਜੀ ਵਾਲੀ ਮਾਇਨਾਈਲੋਨ ਨੇ 6 ਕਰੋੜ ਰੁਪਏ ਦੀ ਜਾਇਦਾਦ ਵਾਲੀ ਰਿਲਾਇੰਸ ਦੀਆਂ ਸਾਰੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਨੂੰ ਆਪਣੇ ਅਧੀਨ ਲੈ ਲਿਆ।"

ਮਾਰਚ 1977 ਵਿੱਚ, ਕੰਪਨੀ ਬੈਂਗਲੋਰ (ਮੌਜੂਦਾ ਬੈਂਗਲੁਰੂ) ਤੋਂ ਵਾਪਸ ਬੰਬੇ (ਮੁੰਬਈ) ਆ ਗਈ ਅਤੇ ਇਸਦਾ ਨਾਂ ਬਦਲ ਕੇ 'ਰਿਲਾਇੰਸ ਟੈਕਸਟਾਈਲਸ ਇੰਡਸਟਰੀਜ਼' ਕਰ ਦਿੱਤਾ ਗਿਆ।

ਅਕਤੂਬਰ-ਨਵੰਬਰ 1977 ਵਿੱਚ, ਰਿਲਾਇੰਸ ਨੇ ਆਪਣਾ ਪਹਿਲਾ ਆਈਪੀਓ ਲਾਂਚ ਕੀਤਾ, ਜਿਸ ਵਿੱਚ ਧੀਰੂਭਾਈ ਅਤੇ ਉਨ੍ਹਾਂ ਦੇ ਛੋਟੇ ਭਰਾ ਨਥੂਭਾਈ (ਨਟਵਰਲਾਲ) ਦੀ ਹਿੱਸੇਦਾਰੀ ਤੋਂ ਸ਼ੇਅਰ ਵੇਚੇ ਗਏ।

ਇਸ ਤੋਂ ਬਾਅਦ, ਰਿਲਾਇੰਸ ਨੇ ਨਿਯਮਤ ਅੰਤਰਾਲ 'ਤੇ ਰਾਈਟਸ ਅਤੇ ਬੋਨਸ ਇਸ਼ੂ ਦੇ ਜ਼ਰੀਏ ਆਪਣੇ ਇਕੁਇਟੀ ਬੇਸ ਨੂੰ ਵਧਾਇਆ। ਸਤੰਬਰ 1979 ਵਿੱਚ ਵਿੱਤੀ ਸੰਸਥਾਵਾਂ ਨੇ ਆਪਣੇ ਕਰਜ਼ਿਆਂ ਦਾ 20 ਪ੍ਰਤੀਸ਼ਤ ਹਿੱਸਾ ਇਕੁਇਟੀ ਵਿੱਚ ਬਦਲ ਦਿੱਤਾ।

ਇਸ ਪੁਸਤਕ ਦੇ ਅਨੁਸਾਰ, "ਸਾਲ 1980 ਵਿੱਚ ਭਾਰਤ ਵਿੱਚ ਸ਼ੇਅਰਧਾਰਕਾਂ ਦੀ ਗਿਣਤੀ 10 ਲੱਖ ਤੋਂ ਘੱਟ ਸੀ, ਪਰ 1985 ਤੱਕ ਇਹ ਵੱਧ ਕੇ 40 ਲੱਖ ਹੋ ਗਈ ਸੀ। ਇਨ੍ਹਾਂ ਵਿੱਚੋਂ ਇਕੱਲੇ ਰਿਲਾਇੰਸ ਦੇ ਹੀ 10 ਲੱਖ ਤੋਂ ਵੱਧ ਸ਼ੇਅਰਧਾਰਕ ਸਨ। ਭਾਰਤ ਵਿੱਚ ਹਰ ਚਾਰ ਸ਼ੇਅਰਧਾਰਕਾਂ ਵਿੱਚੋਂ ਇੱਕ ਕੋਲ ਰਿਲਾਇੰਸ ਦੇ ਸ਼ੇਅਰ ਸਨ। ਖ਼ਾਸ ਤੌਰ 'ਤੇ ਗੁਜਰਾਤ ਵਿੱਚ, ਧੀਰੂਭਾਈ ਨੂੰ 'ਹੀਰੋ' ਦਾ ਦਰਜਾ ਪ੍ਰਾਪਤ ਹੋ ਗਿਆ ਸੀ।"

ਮੱਧਮ ਵਰਗ ਸ਼ੇਅਰਾਂ ਵਿੱਚ ਨਿਵੇਸ਼ ਕਰਦੇ ਹੋਏ ਵੱਡਾ ਹੋਇਆ

ਅਜਿਹਾ ਮੰਨਿਆ ਜਾਂਦਾ ਹੈ ਕਿ ਭਾਰਤ ਵਿੱਚ ਛੋਟੇ ਨਿਵੇਸ਼ਕ ਸ਼ੇਅਰ ਬਜ਼ਾਰ ਵੱਲ ਇਸ ਲਈ ਆਕਰਸ਼ਿਤ ਹੋਏ, ਕਿਉਂਕਿ ਧੀਰੂਭਾਈ ਅੰਬਾਨੀ ਨੇ ਛੋਟੇ ਪੈਮਾਨੇ ਤੋਂ ਸ਼ੁਰੂਆਤ ਕੀਤੀ ਅਤੇ ਇੱਕ ਵੱਡਾ ਵਪਾਰਕ ਸਾਮਰਾਜ ਖੜਾ ਕੀਤਾ।

ਰਿਲਾਇੰਸ ਗਰੁੱਪ ਦੀ ਵੈੱਬਸਾਈਟ ਦਾ ਦਾਅਵਾ ਹੈ ਕਿ ਜਦੋਂ ਧੀਰੂਭਾਈ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ, ਉਦੋਂ ਉਨ੍ਹਾਂ ਕੋਲ ਸਿਰਫ਼ 14 ਹਜ਼ਾਰ ਰੁਪਏ ਸਨ। ਉਸ ਤੋਂ ਬਾਅਦ, ਸਾਢੇ ਤਿੰਨ ਦਹਾਕਿਆਂ ਵਿੱਚ ਰਿਲਾਇੰਸ ਦਾ ਆਕਾਰ ਵੱਧ ਕੇ 60 ਹਜ਼ਾਰ ਕਰੋੜ ਰੁਪਏ ਹੋ ਗਿਆ ਅਤੇ ਇਹ 'ਫਾਰਚੂਨ 500' ਸੂਚੀ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਨਿੱਜੀ ਕੰਪਨੀ ਬਣ ਗਈ।

ਰਿਲਾਇੰਸ ਦੀਆਂ ਕੋਸ਼ਿਸ਼ਾਂ ਨਾਲ ਆਮ ਲੋਕਾਂ ਵਿੱਚ ਸ਼ੇਅਰ ਬਾਜ਼ਾਰ ਪ੍ਰਤੀ ਦਿਲਚਸਪੀ ਵਧਣ ਤੋਂ ਪਹਿਲਾਂ, ਆਰਥਿਕ ਤੌਰ 'ਤੇ ਮਜ਼ਬੂਤ ਲੋਕਾਂ ਦਾ ਇੱਕ ਬਹੁਤ ਛੋਟਾ ਵਰਗ ਹੀ ਭਾਰਤੀ ਬਾਜ਼ਾਰ ਵਿੱਚ ਨਿਵੇਸ਼ ਕਰਦਾ ਸੀ।

ਰਿਲਾਇੰਸ ਗਰੁੱਪ ਦੀ ਵੈੱਬਸਾਈਟ 'ਤੇ ਧੀਰੂਭਾਈ ਅੰਬਾਨੀ ਦੀ ਪ੍ਰੋਫਾਈਲ ਅਨੁਸਾਰ, ਉਨ੍ਹਾਂ ਦਾ ਜਨਮ 1932 ਵਿੱਚ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਚੋਰਵਾੜ ਪਿੰਡ ਵਿੱਚ ਹੋਇਆ ਸੀ।

1949 ਵਿੱਚ, 17 ਸਾਲ ਦੀ ਉਮਰ ਵਿੱਚ ਉਹ ਰੁਜ਼ਗਾਰ ਦੀ ਤਲਾਸ਼ ਵਿੱਚ ਅਦਨ (ਮੌਜੂਦਾ ਯਮਨ) ਗਏ ਅਤੇ ਉੱਥੇ ਇੱਕ ਕੰਪਨੀ ਵਿੱਚ ਡਿਸਪੈਚ ਕਲਰਕ ਵਜੋਂ ਕੰਮ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਅਦਨ ਬੰਦਰਗਾਹ 'ਤੇ ਇੱਕ ਪੈਟਰੋਲ ਪੰਪ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਮਿਲੀ।

1958 ਵਿੱਚ ਉਹ ਭਾਰਤ ਵਿੱਚ ਆਪਣਾ ਵਪਾਰ ਸ਼ੁਰੂ ਕਰਨ ਦੇ ਸੁਪਨੇ ਨਾਲ ਘਰ ਪਰਤੇ ਅਤੇ ਮਸਾਲਿਆਂ ਦੇ ਵਪਾਰ ਲਈ 'ਰਿਲਾਇੰਸ ਕਮਰਸ਼ੀਅਲ ਕਾਰਪੋਰੇਸ਼ਨ' ਨਾਮ ਦੀ ਕੰਪਨੀ ਦੀ ਸਥਾਪਨਾ ਕੀਤੀ।

1962 ਵਿੱਚ ਉਨ੍ਹਾਂ ਨੇ ਧਾਗੇ ਦੇ ਵਪਾਰ ਵਿੱਚ ਇੱਕ ਮੌਕਾ ਦੇਖਿਆ। ਇਸ ਤੋਂ ਬਾਅਦ, 1965 ਵਿੱਚ ਉਨ੍ਹਾਂ ਨੇ ਕੰਪਨੀ ਦਾ ਨਾਮ ਬਦਲ ਕੇ 'ਰਿਲਾਇੰਸ ਟੈਕਸਟਾਈਲਜ਼ ਇੰਡਸਟਰੀਜ਼' ਕਰ ਦਿੱਤਾ।

1966 ਵਿੱਚ ਉਨ੍ਹਾਂ ਨੇ ਅਹਿਮਦਾਬਾਦ ਨੇੜੇ ਨਰੋਡਾ ਵਿੱਚ ਇੱਕ ਜ਼ਮੀਨ ਖਰੀਦੀ ਅਤੇ ਉੱਥੇ ਇੱਕ ਕੱਪੜਾ ਮਿੱਲ ਸ਼ੁਰੂ ਕੀਤੀ। 1975 ਵਿੱਚ ਵਿਸ਼ਵ ਬੈਂਕ ਦੀ ਇੱਕ ਤਕਨੀਕੀ ਟੀਮ ਨੇ ਨਰੋਡਾ ਮਿੱਲ ਨੂੰ ਭਾਰਤ ਦੀ ਸਰਵੋਤਮ ਕੰਪੋਜ਼ਿਟ ਕੱਪੜਾ ਮਿੱਲ ਵਜੋਂ ਪ੍ਰਮਾਣਿਤ ਕੀਤਾ।

ਫਿਰ 1977 ਵਿੱਚ ਰਿਲਾਇੰਸ ਟੈਕਸਟਾਈਲਜ਼ ਦਾ ਆਈਪੀਓ ਆਇਆ ਅਤੇ ਉਸ ਤੋਂ ਬਾਅਦ ਜੋ ਹੋਇਆ, ਉਹ ਇਤਿਹਾਸ ਹੈ।

ਉਸ ਸਮੇਂ ਜ਼ਿਆਦਾਤਰ ਲੋਕ ਸ਼ੇਅਰ ਬਾਜ਼ਾਰ ਤੋਂ ਦੂਰ ਰਹਿੰਦੇ ਸਨ ਅਤੇ ਇਸ ਨੂੰ ਜੂਆ ਮੰਨਦੇ ਸਨ। ਪੂੰਜੀ ਇਕੱਠੀ ਕਰਨ ਲਈ ਬੈਂਕ ਤੋਂ ਕਰਜ਼ਾ ਲੈਣ ਦੀ ਬਜਾਏ ਆਈਪੀਓ ਲਿਆਉਣ ਦਾ ਧੀਰੂਭਾਈ ਦਾ ਫੈਸਲਾ ਇੱਕ ਬਹੁਤ ਹੀ ਦਲੇਰੀ ਵਾਲਾ ਕਦਮ ਮੰਨਿਆ ਜਾਂਦਾ ਹੈ।

ਰਿਲਾਇੰਸ ਟੈਕਸਟਾਈਲਸ ਦੇ ਆਈਪੀਓ ਦੌਰਾਨ ਧੀਰੂਭਾਈ ਮੱਧ ਵਰਗ ਦੇ ਨਿਵੇਸ਼ਕਾਂ ਨੂੰ ਆਪਣੇ ਆਈਪੀਓ ਵਿੱਚ ਨਿਵੇਸ਼ ਕਰਨ ਲਈ ਰਾਜ਼ੀ ਕਰਨ ਵਿੱਚ ਸਫ਼ਲ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਰਿਲਾਇੰਸ ਦੀਆਂ ਸਾਲਾਨਾ ਆਮ ਮੀਟਿੰਗਾਂ (ਏਜੀਐਮ) ਆਮ ਲੋਕਾਂ ਦੀ ਭਾਗੀਦਾਰੀ ਨਾਲ ਆਯੋਜਿਤ ਕਰਨੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ਵਿੱਚ ਹਜ਼ਾਰਾਂ ਨਿਵੇਸ਼ਕ ਨਿੱਜੀ ਤੌਰ 'ਤੇ ਭਾਗ ਲੈਂਦੇ ਸਨ।

ਰਿਲਾਇੰਸ ਇੰਡਸਟਰੀਜ਼ ਦੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ 1986 ਵਿੱਚ ਮੁੰਬਈ ਦੇ ਕਰੋਸ ਮੈਦਾਨ ਵਿੱਚ ਰਿਲਾਇੰਸ ਦੀ ਸਾਲਾਨਾ ਆਮ ਮੀਟਿੰਗ (ਏਜੀਐੱਮ) ਹੋਈ ਸੀ, ਉਦੋਂ ਉੱਥੇ ਲਗਭਗ 35,000 ਸ਼ੇਅਰਧਾਰਕ ਮੌਜੂਦ ਸਨ।

ਧੀਰੂਭਾਈ ਦਾ ਦੇਹਾਂਤ 6 ਜੁਲਾਈ 2002 ਨੂੰ ਮੁੰਬਈ ਵਿੱਚ 69 ਸਾਲ ਦੀ ਉਮਰ ਵਿੱਚ ਹੋਇਆ।

ਇਸ ਤੋਂ ਪਹਿਲਾਂ, 1999 ਵਿੱਚ ਰਿਲਾਇੰਸ ਨੇ ਜਾਮਨਗਰ ਵਿੱਚ ਆਪਣੀ ਤੇਲ ਰਿਫਾਇਨਰੀ ਸ਼ੁਰੂ ਕੀਤੀ ਸੀ। ਇਹ ਭਾਰਤ ਦੀਆਂ ਸਭ ਤੋਂ ਅਹਿਮ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਹਾਲ ਹੀ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸਦਾ ਦੌਰਾ ਕੀਤਾ ਸੀ।

ਰਿਲਾਇੰਸ ਇੰਡਸਟਰੀਜ਼ ਤੋਂ ਬਾਅਦ, 'ਰਿਲਾਇੰਸ ਪਾਵਰ' ਨੇ 2008 ਵਿੱਚ ਅਤੇ 'ਰਿਲਾਇੰਸ ਨਿਪੌਨ ਲਾਈਫ ਐਸੇਟ ਮੈਨੇਜਮੈਂਟ' ਨੇ 2017 ਵਿੱਚ ਆਪਣਾ ਆਈਪੀਓ ਜਾਰੀ ਕੀਤਾ। ਹਾਲਾਂਕਿ, ਇਹ ਦੋਵੇਂ ਕੰਪਨੀਆਂ ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਦੀ ਮਲਕੀਅਤ ਵਿੱਚ ਸਨ।

ਧੀਰੂਭਾਈ ਦੀ ਅਗਵਾਈ ਵਿੱਚ 49 ਸਾਲ ਪਹਿਲਾਂ ਸ਼ੇਅਰ ਬਾਜ਼ਾਰ ਵਿੱਚ ਕਦਮ ਰੱਖਣ ਵਾਲੇ ਰਿਲਾਇੰਸ ਗਰੁੱਪ ਵਿੱਚ ਅੱਜ ਬਹੁਤ ਬਦਲਾਅ ਆ ਚੁੱਕਾ ਹੈ। ਕਦੇ ਇੱਕ ਕੱਪੜਾ ਕੰਪਨੀ ਵਜੋਂ ਸ਼ੁਰੂ ਹੋਈ ਰਿਲਾਇੰਸ ਇੰਡਸਟਰੀਜ਼ ਅੱਜ ਪੈਟਰੋਕੈਮੀਕਲਜ਼, ਰਿਫਾਇਨਿੰਗ, ਊਰਜਾ, ਦੂਰਸੰਚਾਰ, ਪ੍ਰਚੂਨ, ਡਿਜੀਟਲ ਸੇਵਾਵਾਂ ਅਤੇ ਮੀਡੀਆ ਸਮੇਤ ਕਈ ਖੇਤਰਾਂ ਵਿੱਚ ਮੌਜੂਦ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)