ਸੋਨੇ ਦੀ ਭਾਲ ਵਿੱਚ ਇੱਥੇ ਲੋਕ ਘੰਟਿਆਂ ਤੱਕ ਨਦੀ ਦੀ ਖ਼ਾਕ ਛਾਣ ਰਹੇ ਹਨ, ਕਿੰਨਾ ਸੋਨਾ ਮਿਲਦਾ, ਕਿੰਨੀ ਕਮਾਈ ਹੁੰਦੀ

ਪਾਣੀ ਵਿਚੋਂ ਸੋਨਾ ਲੱਭ ਰਹੀ ਮਹਿਲਾ
    • ਲੇਖਕ, ਮੁਹੰਮਦ ਸਰਤਾਜ ਆਲਮ
    • ਰੋਲ, ਬੀਬੀਸੀ ਹਿੰਦੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਝਾਰਖੰਡ ਵਿੱਚ ਇੱਕ ਅਜਿਹੀ ਨਦੀ ਵਹਿੰਦੀ ਹੈ ਜੋ ਇਸ ਗੱਲ ਲਈ ਜਾਣੀ ਜਾਂਦੀ ਹੈ ਕਿ ਉਸ ਵਿੱਚੋਂ ਸੋਨਾ ਨਿਕਲਦਾ ਹੈ। ਇਸ ਨਦੀ ਦਾ ਨਾਮ ਸਵਰਣਰੇਖਾ ਹੈ। ਹਰ ਰੋਜ਼ ਸੈਂਕੜੇ ਲੋਕ ਇਸ ਉਮੀਦ ਵਿੱਚ ਇਸ ਦੀ ਖ਼ਾਕ ਛਾਣਦੇ ਹਨ ਕਿ ਉਨ੍ਹਾਂ ਨੂੰ ਸੋਨਾ ਮਿਲ ਜਾਵੇ।

ਕੁਝ ਲੋਕਾਂ ਨੂੰ ਸੋਨਾ ਮਿਲਦਾ ਤਾਂ ਹੈ ਪਰ ਉਹ ਕੋਈ ਅਜਿਹਾ ਟੁਕੜਾ ਨਹੀਂ ਹੁੰਦਾ ਜਿਸ ਨੂੰ ਵੇਚ ਕੇ ਉਹ ਹਜ਼ਾਰਾਂ ਜਾਂ ਲੱਖਾਂ ਰੁਪਏ ਦੀ ਕਮਾਈ ਕਰ ਸਕਣ।

ਉਨ੍ਹਾਂ ਦੀ ਆਮਦਨੀ ਮਹਿਜ਼ ਕੁਝ ਸੌ ਰੁਪਏ ਤੱਕ ਹੀ ਸੀਮਤ ਰਹਿੰਦੀ ਹੈ।

ਰਾਂਚੀ ਜ਼ਿਲ੍ਹੇ ਦੇ ਨਗਰੀ ਪਿੰਡ ਦੇ ਰਾਣੀ ਚੁਆਂ ਤੋਂ ਨਿਕਲ ਕੇ ਬੰਗਾਲ ਦੀ ਖਾੜੀ ਵਿੱਚ ਡਿੱਗਣ ਵਾਲੀ ਸਵਰਣਰੇਖਾ ਨਦੀ ਲਗਭਗ 474 ਕਿੱਲੋਮੀਟਰ ਦੀ ਦੂਰੀ ਤੈਅ ਕਰਦੀ ਹੈ।

ਦਰਅਸਲ, ਇਸ ਨਦੀ ਦਾ ਕੇਵਲ ਇੱਕ ਹਿੱਸਾ ਅਜਿਹਾ ਹੈ ਜਿੱਥੇ ਲੋਕਾਂ ਨੂੰ ਸੋਨੇ ਦੇ ਕਣ ਮਿਲਦੇ ਹਨ।

ਇਹ ਇਲਾਕਾ ਜਮਸ਼ੇਦਪੁਰ ਸ਼ਹਿਰ ਤੋਂ ਲਗਭਗ 17 ਕਿੱਲੋਮੀਟਰ ਦੂਰ ਗੁਆਂਢੀ ਜ਼ਿਲ੍ਹੇ ਸਰਾਏਕਲਾਂ-ਖਰਸਾਵਾਂ ਦੇ ਚਾਂਡਿਲ ਬਲੌਕ ਵਿੱਚ ਸਵਰਣਰੇਖਾ ਨਦੀ ਦੇ ਕਿਨਾਰੇ ਵਸਿਆ ਹੈ।

ਇਸ ਨਦੀ ਦੇ ਕਿਨਾਰੇ ਕਈ ਥਾਂਵਾਂ 'ਤੇ ਪਿੰਡ ਵਾਲੇ, ਰੁੜ੍ਹ ਕੇ ਆਏ ਬਾਲੂ ਅਤੇ ਮਿੱਟੀ ਤੋਂ ਸੋਨੇ ਦੇ ਕਣਾਂ ਨੂੰ ਕੱਢ ਕੇ ਸਾਲਾਂ ਤੋਂ ਆਪਣੀ ਰੋਜ਼ੀ ਰੋਟੀ ਚਲਾਉਂਦੇ ਆ ਰਹੇ ਹਨ।

ਇਨ੍ਹਾਂ ਥਾਂਵਾਂ ਵਿੱਚੋਂ ਇਕ ਗੌਰੀ ਪਿੰਡ ਹੈ ਜਿਸ ਦੇ ਵੀਹ ਕਿੱਲੋਮੀਟਰ ਦੇ ਦਾਇਰੇ ਵਿਚ ਫੈਲੇ ਦਰਜਨਾਂ ਪਿੰਡਾਂ ਦੇ ਵਾਸੀ ਹਰ ਸਵੇਰ ਸੈਂਕੜੇ ਦੀ ਗਿਣਤੀ ਵਿੱਚ ਨਦੀ ਦੇ ਤਟ 'ਤੇ ਇਕੱਠੇ ਹੁੰਦੇ ਹਨ।

ਸਥਾਨਿਕ ਸਮਾਜਿਕ ਕਾਰਜ-ਕਰਤਾ ਦੁਖੁ ਮਹਾਲੀ ਦੱਸਦੇ ਹਨ, "ਲਗਭਗ ਪੰਜ ਸੌ ਪਿੰਡ ਵਾਸੀਆਂ ਲਈ ਸੋਨੇ ਦੇ ਇਹ ਕਣ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ।"

ਆਦੀਵਾਸੀ ਬਹੁਤਾਤ ਵਾਲੇ ਇਸ ਇਲਾਕੇ ਵਿੱਚ ਰੋਜ਼ੀ ਰੋਟੀ ਲਈ ਇੱਕ ਤਬਕਾ ਸਬਜ਼ੀਆਂ ਦੀ ਖੇਤੀ 'ਤੇ ਨਿਰਭਰ ਹੈ ਪਰ ਜਿਨ੍ਹਾਂ ਲੋਕਾਂ ਕੋਲ ਖੇਤ ਨਹੀਂ ਹੈ ਉਹ ਰੋਜ਼ਗਾਰ ਦਾ ਕੋਈ ਸਾਧਨ ਨਾ ਹੋਣ 'ਤੇ ਇਸ ਕੰਮ ਵਿੱਚ ਜੁਟ ਜਾਂਦੇ ਹਨ। ਦੁਖੂ ਮਹਾਲੀ ਕਹਿੰਦੇ ਹਨ ਕਿ ਸੋਨੇ ਦੇ ਇਨ੍ਹਾਂ ਕਣਾਂ ਦੀ ਚਮਕ ਦੇ ਪਿੱਛੇ ਬਹੁਤ ਸਰੀਰਕ ਕਸ਼ਟ ਅਤੇ ਅਨਿਸ਼ਚਿਤ ਆਮਦਨ ਦਾ ਇੱਕ ਲੰਬਾ ਦਰਦਨਾਕ ਸਿਲਸਿਲਾ ਲੁਕਿਆ ਹੈ।

ਸੋਨਾ ਤਲਾਸ਼ਣ ਵਾਲੇ ਪਿੰਡ ਵਾਸੀਆਂ ਦਾ ਤਜਰਬਾ

ਪਾਣੀ ਵਿੱਚੋਂ ਸੋਨਾ ਤਲਾਸ਼ ਰਿਹਾ ਬਜ਼ੁਰਗ
ਤਸਵੀਰ ਕੈਪਸ਼ਨ, ਇਸ ਨਦੀ ਦਾ ਕੇਵਲ ਇੱਕ ਹਿੱਸਾ ਅਜਿਹਾ ਹੈ ਜਿੱਥੇ ਲੋਕਾਂ ਨੂੰ ਸੋਨੇ ਦੇ ਕਣ ਮਿਲਦੇ ਹਨ।

ਸੋਨਾ ਕੱਢਣ ਦਾ ਇਹ ਕੰਮ ਦੇਖਣ ਵਿੱਚ ਜਿੰਨਾ ਸਹਿਜ ਲਗਦਾ ਹੈ ਹਕੀਕਤ ਵਿੱਚ ਓਨਾ ਹੀ ਮੁਸ਼ਕਿਲ ਹੈ। ਕਰੜੀ ਧੁੱਪ ਵਿੱਚ ਨਦੀ ਦੇ ਕਿਨਾਰੇ ਟੋਇਆਂ ਵਿੱਚ ਗੋਡਿਆਂ ਭਾਰ ਝੁਕ ਕੇ ਘੰਟੇ ਮਿੱਟੀ ਧੋਣ ਦੀ ਪ੍ਰਕਿਰਿਆ ਸਰੀਰ ਨੂੰ ਤੋੜ ਕੇ ਰੱਖ ਦਿੰਦੀ ਹੈ।

ਪੁਡਿਸਿਲੀ ਪਿੰਡ ਦੀ 60 ਸਾਲਾ ਬਜ਼ੁਰਗ ਮਹਿਲਾ ਢਾਂਗੀ ਸਰਦਾਰ ਸਾਲਾਂ ਤੋਂ ਇਹ ਕੰਮ ਕਰਦੀ ਆ ਰਹੀ ਹੈ।

ਜਦੋ ਅਸੀਂ ਉਨ੍ਹਾਂ ਮਿਲੇ ਤਾਂ ਉਹ ਸਾਨੂੰ ਜਾਮਣ ਦੀ ਲੱਕੜੀ ਨਾਲ ਬਣ ਡੂੰਘੇ ਸੂਪਨੁਮਾ ਸਾਂਚੇ ਵਿੱਚ ਮੌਜੂਦ ਮਿੱਟੀ ਤੋਂ ਸੋਨੇ ਦੇ ਕਣ ਵੱਖ ਕਰਨ ਦੀ ਮੁਸ਼ਕਿਲ ਪ੍ਰਕਿਰਿਆ ਵਿਚ ਜੁਟੀ ਦਿਸੀ।

ਢਾਂਗੀ ਸਰਦਾਰ ਕਹਿੰਦੀ ਹੈ, "ਜਦੋਂ ਮਿੱਟੀ ਪੁੱਟ ਕੇ ਇਸ ਸੂਪਨੁਮਾ ਸਾਂਚੇ ਵਿੱਚ ਪਾਉਂਦੇ ਹਾਂ, ਥੋੜ੍ਹਾ ਹਿਲਾਉਂਦੇ ਹਾਂ, ਤਾਂ ਅੰਤ ਵਿੱਚ ਇੱਕ-ਦੋ ਕਣ ਧੋ ਕੇ ਸੋਨਾ ਮਿਲਦਾ ਹੈ।"

ਦਰਅਸਲ, ਲੱਕੜੀ ਦਾ ਇੱਕ ਆਇਤਕਾਰ ਸਾਂਚਾ ਹੁੰਦਾ ਹੈ ਜੋ ਵਿੱਚੋਂ ਹਲਕਾ ਡੂੰਘਾ ਹੁੰਦਾ ਹੈ। ਪਾਣੀ ਦੇ ਵਹਾਅ ਅਤੇ ਹਿਲਾਉਣ ਨਾਲ ਹਲਕੀ ਮਿੱਟੀ ਅਤੇ ਬਾਲੂ ਰੁੜ੍ਹ ਜਾਂਦੀ ਹੈ ਜਦਕਿ ਸੋਨਾ ਭਾਰੀ ਹੋਣ ਕਾਰਨ ਬਰਤਨ ਦੇ ਹੇਠਾਂ ਜਾਂ ਤਲੀ ਵਿੱਚ ਬੈਠ ਜਾਂਦਾ ਹੈ।

ਦਿਨ ਭਰ ਦੀ ਸਖਤ ਮਿਹਨਤ ਤੋਂ ਬਾਅਦ ਜਦੋਂ ਇਹ ਪਿੰਡ ਵਾਸੀ ਸ਼ਾਮ ਨੂੰ ਆਪਣੇ ਘਰਾਂ ਨੂੰ ਪਰਤਦੇ ਹਨ ਤਾਂ ਸਰੀਰ ਦਾ ਹਰ ਹਿੱਸਾ ਦਰਦ ਨਾਲ ਤੜਪ ਰਿਹਾ ਹੁੰਦਾ ਹੈ।

ਢਾਂਗੀ ਸਰਕਾਰ ਅੱਗੇ ਦੱਸਦੀ ਹੈ, "ਬਹੁਤ ਦਰਦ ਰਹਿੰਦਾ ਹੈ, ਪੈਰ ਵਿੱਚ, ਪਿੱਠ ਵਿੱਚ, ਹੱਥ ਵਿੱਚ। ਦਵਾਈ ਖਾਂਦੇ ਹਾਂ ਤਾਂ ਠੀਕ ਹੁੰਦਾ ਹੈ।"

ਇਸ ਖੇਤਰ ਵਿੱਚ ਸੋਨੇ ਦੇ ਕਣ ਕਿਉਂ ਮਿਲਦੇ ਹਨ?

ਸੋਨੇ ਦੇ ਕਣ
ਤਸਵੀਰ ਕੈਪਸ਼ਨ, ਖਣਨ ਅਧਿਕਾਰੀ ਮੁਤਾਬਕ ਇਹ ਸੋਨਾ ਬਿਲਕੁਲ ਸ਼ੁੱਧ ਹੁੰਦਾ ਹੈ।

ਇਸ ਸਵਾਲ ਦਾ ਜਵਾਬ ਜਾਨਣ ਲਈ ਬੀਬੀਸੀ ਨਿਊਜ਼ ਹਿੰਦੀ ਨੇ ਸਰਾਏਕਲਾਂ-ਖਰਸਾਵਾਂ ਜ਼ਿਲ੍ਹੇ ਦੇ ਖਣਨ ਅਧਿਕਾਰੀ ਜਯੋਤੀ ਸ਼ੰਕਰ ਸਥਪਤੀ ਨਾਲ ਗੱਲ ਕੀਤੀ।

ਉਹ ਕਹਿੰਦੇ ਹਨ, "ਸਵਰਣਰੇਖਾ ਨਦੀ ਜਦੋਂ ਤਮਾਮ ਤੋਂ ਹੋ ਕੇ ਲੰਘਦੀ ਹੈ ਤਾਂ ਉੱਥੇ ਕਈ ਅਜਿਹੀਆਂ ਚਟਾਨਾਂ ਹਨ ਜਿਨ੍ਹਾਂ ਵਿੱਚ ਥੋੜ੍ਹੀ ਮਾਤਰਾ ਵਿੱਚ ਸੋਨਾ ਵੀ ਮੌਜੂਦ ਹੈ। ਇਨ੍ਹਾਂ ਚੱਟਾਨਾਂ ਤੋਂ ਕੱਟ ਕੇ ਨਿਕਲਣ ਵਾਲੀ ਮਿੱਟੀ ਅਤੇ ਤਲਛਟ ਪਾਣੀ ਨਾਲ ਵਹਿੰਦੀ ਹੋਈ ਕਈ ਥਾਂਵਾਂ 'ਤੇ ਨਦੀ ਦੇ ਕਿਨਾਰੇ ਜਮ੍ਹਾ ਹੋ ਜਾਂਦੀ ਹੈ। ਇਸ ਨੂੰ ਪਲੇਸਰ ਡਿਪਾਜ਼ਿਟ ਕਿਹਾ ਜਾਂਦਾ ਹੈ।"

ਗੌਰੀ ਪਿੰਡ ਦੇ ਕੋਲ ਨਦੀ ਦੇ ਕਿਨਾਰੇ ਲਗਭਗ ਡੇਢ ਕਿੱਲੋਮੀਟਰ ਦੇ ਖੇਤਰ ਵਿੱਚ ਅਜਿਹੇ ਪਲੇਅਰ ਡਿਪਾਜ਼ਿਟ ਪਾਏ ਜਾਂਦੇ ਹਨ।

ਖਣਨ ਅਧਿਕਾਰੀ ਸਥਪਤੀ ਮੁਤਾਬਕ ਇਹ ਸੋਨਾ ਬਿਲਕੁਲ ਸ਼ੁੱਧ ਅਵਸਥਾ ਵਿੱਚ ਹੁੰਦਾ ਹੈ।

ਉਹ ਕਹਿੰਦੇ ਹਨ, "ਇਹ ਸੋਨਾ ਕਿਸੀ ਵੀ ਤੱਤ ਦੇ ਨਾਲ ਸੰਯੁਕਤ ਅਵਸਥਾ ਵਿੱਚ ਬਿਲਕੁਲ ਨਹੀਂ ਹੁੰਦਾ। ਇਸ ਕਾਰਨ ਇਹ ਸ਼ੁੱਧ ਅਵਸਥਾ ਵਿੱਚ ਮਿਲਦਾ ਹੈ। ਪਾਣੀ ਨਾਲ ਰੁੜ ਕੇ ਆਉਣ ਕਾਰਨ ਇਸ ਦੀ ਮਾਤਰਾ ਗੌਰੀ ਪਹੁੰਚਦੇ ਪਹੁੰਚਦੇ ਬਹੁਤ ਘੱਟ ਹੋ ਜਾਂਦੀ ਹੈ।"

ਸਖਤ ਸੰਘਰਸ਼ ਅਤੇ ਅਨਿਸ਼ਚਿਤ ਆਮਦਨ

ਸਾੜੀ ਪਹਿਨ ਕੇ ਬੈਠੀ ਬਜ਼ੁਰਗ ਮਹਿਲਾ
ਤਸਵੀਰ ਕੈਪਸ਼ਨ, "ਸੋਨਾ ਕਦੇ ਮਿਲਦਾ ਹੈ, ਕਦੇ ਨਹੀਂ ਮਿਲਦਾ ਫਿਰ ਵੀ ਅਸੀਂ ਲੋਕ ਦਿਨ-ਭਰ ਮਿਹਨਤ ਕਰਦੇ ਹਾਂ।"

ਸਵਰਣਰੇਖਾ ਨਦੀ ਦੇ ਕਿਨਾਰੇ ਸੋਨਾ ਤਲਾਸ਼ ਵਾਲੇ ਪਿੰਡ ਵਾਸੀਆਂ ਲਈ ਕੋਈ ਕੋਈ ਦਿਨ ਚੰਗਾ ਹੁੰਦਾ ਹੈ, ਪਰ ਕੁਝ ਅਜਿਹੇ ਵੀ ਦਿਨ ਹੁੰਦੇ ਹਨ ਜਦੋਂ ਮਿਹਨਤ ਤਾਂ ਬਹੁਤ ਕਰਨੀ ਪੈਂਦੀ ਹੈ ਪਰ ਕੁਝ ਹੱਥ ਨਹੀਂ ਲਗਦਾ।

ਘੰਟਿਆਂ ਪਸੀਨਾ ਵਹਾਉਣ ਬਾਅਦ ਵੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਅੰਤ ਵਿੱਚ ਕੁਝ ਘੰਟਿਆਂ ਹੋਏਗਾ ਹੀ।

ਗੌਰੀ ਪਿੰਡ ਦੇ 65 ਸਾਲਾ ਬਜ਼ੁਰਗ ਬੋਕਾ ਘੁਮਿਆਰ ਆਪਣੇ ਜੀਵਨ ਦੇ ਇਸ ਲੰਬੇ ਸੰਘਰਸ਼ ਨੂੰ ਬਿਆਨ ਕਰਦੇ ਹਨ।

ਉਹ ਕਹਿੰਦੇ ਹਨ, "ਸੋਨਾ ਕਦੇ ਮਿਲਦਾ ਹੈ, ਕਦੇ ਨਹੀਂ ਮਿਲਦਾ ਫਿਰ ਵੀ ਅਸੀਂ ਲੋਕ ਦਿਨ-ਭਰ ਮਿਹਨਤ ਕਰਦੇ ਹਨ।"

ਸੋਨੇ ਦੇ ਕੁਝ ਕਣ ਕੱਢਣ ਵਿੱਚ ਕਾਮਯਾਬ ਬੋਕਾ ਘੁਮਿਆਰ ਅੱਗੇ ਕਹਿੰਦੇ ਹਨ, "ਫਾਲੀ ਯਾਨੀ ਸਾਂਚੇ ਵਿੱਚ ਇਹ ਸੁਨਹਿਰੀ ਕਣ ਮਿਲੇ ਹਨ, ਉਨ੍ਹਾਂ ਨੂੰ ਮੈਂ ਇੱਕ ਕਟੋਰੇ ਵਿੱਚ ਵੱਖ ਕਰ ਲਿਆ ਹੈ। ਇਹੀ ਅੱਜ ਦੀ ਮਿਹਨਤ ਦਾ ਫਲ ਹੈ।"

ਇਹ ਸੰਘਰਸ਼ ਸਿਰਫ਼ ਗੌਰੀ ਜਾਂ ਪੁੜਸਿਲੀ ਪਿੰਡ ਤੱਕ ਸੀਮਤ ਨਹੀਂ ਹੈ। ਦੂਰ ਦਰਾਜ਼ ਦੇ ਪਿੰਡਾਂ ਤੋਂ ਵੀ ਲੋਕ ਕਈ ਕਿਲੋਮੀਟਰ ਦਾ ਸਫਰ ਤੈਅ ਕਰਕੇ ਨਦੀ ਤੱਟ 'ਤੇ ਪਹੁੰਚਦੇ ਹਨ।

ਇੱਥੇ ਚਾਲਿਯਾਂਵਾਂ ਪਿੰਡ ਤੋਂ ਆਏ 41 ਸਾਲਾ ਨੌਜਵਾਨ ਮਿੱਲ੍ਹੜ ਸਿੰਘ ਮੰਨਦੇ ਹਨ ਕਿ ਇਸ ਕੰਮ ਨਾਲ ਰੋਜ਼ ਆਮਦਨ ਹੋਣਾ ਨਾਮੁਮਕਿਨ ਹੈ।

ਮਿੱਲ੍ਹੜ ਸਿੰਘ ਸਖਤ ਮਿਹਨਤ ਤੋਂ ਬਾਅਦ ਕੱਢੇ ਗਏ ਸੋਨੇ ਨੂੰ ਦਿਖਾਉਂਦਿਆਂ ਕਹਿੰਦੇ ਹਨ, "ਨਿਕਲਿਆ ਹੋਇਆ ਸੋਨਾ ਲਗਭਗ ਤਿੰਨ ਸੌ ਰੁਪਏ ਦਾ ਹੈ। ਪਰ ਇਹ ਤੈਅ ਨਹੀਂ ਹੈ ਕਿ ਹਰ ਰੋਜ਼ ਤਿੰਨ ਸੌ ਰੁਪਏ ਦੀ ਕਮਾਈ ਹੋਵੇ। "

ਕਿਵੇਂ ਹੁੰਦੀ ਹੈ ਇਸ ਸੋਨੇ ਦੀ ਵਿਕਰੀ ?

ਨਦੀ
ਤਸਵੀਰ ਕੈਪਸ਼ਨ, ਸੋਨਾ ਕੱਢਣ ਵਾਲਿਆਂ ਵਿੱਚ ਵੱਡੀ ਗਿਣਤੀ ਬਜ਼ੁਰਗ ਮਹਿਲਾਵਾਂ ਅਤੇ ਪੁਰਸ਼ਾਂ ਦੀ ਹੈ।

ਸਾਧਨਾਂ ਦੀ ਕਮੀ ਅਤੇ ਆਮਦਨ ਦੀ ਅਨਿਸ਼ਚਿਤਤਾ ਦੇ ਬਾਵਜੂਦ ਇਨ੍ਹਾਂ ਪਿੰਡ ਵਾਸੀਆਂ ਦੇ ਵਿੱਚ ਸੋਨਾ ਤਲਾਸ਼ਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਹੋੜ੍ਹ ਜਾਂ ਆਪਸੀ ਰੰਜਿਸ਼ ਨਹੀਂ ਦਿਸਦੀ।

ਲਗਭਗ ਵੀਹ ਕਿੱਲੋਮੀਟਰ ਦੇ ਦਾਇਰੇ ਵਿੱਚ ਫੈਲੇ ਦਰਜਨਾਂ ਪਿੰਡਾਂ ਦੇ ਸੈਂਕੜੇ ਪਿੰਡ ਵਾਸੀ ਇਕੱਠੇ ਸੋਨਾ ਕੱਢਦੇ ਹਨ। ਉਹ ਨਾ ਸਿਰਫ਼ ਇਕ ਦੂਜੇ ਦਾ ਸਨਮਾਨ ਕਰਦੇ ਹਨ ਬਲਕਿ ਸੋਨਾ ਲੱਭਣ ਦੀ ਇਸ ਮਸ਼ੱਕਤ ਵਿੱਚ ਹੱਥ ਵੀ ਵਟਾਉਂਦੇ ਹਨ।

ਉਨ੍ਹਾਂ ਵਿੱਚੋਂ ਇੱਕ ਚਾਲਿਯਾਵਾਂ ਪਿੰਡ ਦੇ 42 ਸਾਲਾ ਗੁਰੂਪਦੋ ਸਿੰਘ ਦੱਸਦੇ ਹਨ ਕਿ ਉਹ ਲੋਕ ਸੋਨਾ ਕੱਢਣ ਵਾਲੀ ਥਾਂ ਦੀ ਪਛਾਣ ਕਿਵੇਂ ਕਰਦੇ ਹਨ।

ਉਹ ਕਹਿੰਦੇ ਹਨ, " ਪਿੰਡ ਵਾਸੀ ਸਭ ਤੋਂ ਪਹਿਲਾਂ ਉਸ ਥਾਂ ਦੀ ਚੋਣ ਕਰਦੇ ਹਨ ਜਿੱਥੇ ਪਾਣੀ ਦੇ ਵਹਾਅ ਨਾਲ ਪੱਥਰ ਅਤੇ ਬਾਲੂ ਦੇ ਨਾਲ ਮਿੱਟੀ ਆ ਕੇ ਕਿਨਾਰੇ ਜਮ੍ਹਾ ਹੁੰਦੀ ਹੈ।"

ਪਿੰਡ ਵਾਸੀ ਪਹਿਲਾਂ ਪੱਥਰ ਹਟਾਉਂਦੇ ਹਨ ਫਿਰ ਬਾਲੂ ਦੀ ਪਰਤ 'ਤੇ ਖੁਦਾਈ ਕਰਕੇ ਮਿੱਟੀ ਦੀ ਸਤ੍ਹਾ ਤਲਾਸ਼ ਕਰਦੇ ਹਨ।

ਇਹ ਉਹ ਮਿੱਟੀ ਹੈ ਜੋ ਪਾਣੀ ਦੇ ਨਾਲ ਸੋਨੇ ਦੇ ਕਣਾਂ ਨੂੰ ਰੋੜ੍ਹ ਕੇ ਲੈ ਆਉਂਦੀ ਹੈ।

ਗੁਰੂਪਦੋ ਮਿੱਟੀ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ, "ਇਸ ਮਿੱਟੀ ਨੂੰ ਫਾਲੀ ਵਿੱਚ ਲੈ ਕੇ ਪਾਣੀ ਨਾਲ ਹੌਲੀ ਹੌਲੀ ਧੋਂਦੇ ਹਨ। ਇਸ ਨਾਲ ਮਿੱਟੀ ਪਾਣੀ ਨਾਲ ਵਹਿ ਜਾਂਦੀ ਹੈ ਜਦਕਿ ਸੋਨਾ ਫਾਲੀ ਦੀ ਗਹਿਰਾਈ ਵਿੱਚ ਬੈਠ ਜਾਂਦਾ ਹੈ।"

ਪਿੰਡ ਵਾਸੀ ਸੋਨੇ ਦੇ ਇਨ੍ਹਾਂ ਕਣਾਂ ਨੂੰ ਪਾਣੀ ਦੀ ਸਹਾਇਤਾ ਨਾਲ ਐਲੁਮੀਨੀਅਮ ਦੇ ਕਟੋਰੇ ਵਿੱਚ ਰੱਖਦੇ ਹਨ ਅਤੇ ਪਹਿਲਾਂ ਧੁੱਪ ਵਿੱਚ ਸੁਕਾਉਂਦੇ ਹਨ।

ਬੋਕਾ ਘੁਮਿਆਰ ਕਹਿੰਦੇ ਹਨ, "ਕਟੋਰੇ ਵਿੱਚ ਮੌਜੂਦ ਨਮੀ ਸੋਨੇ ਨੂੰ ਛੱਡ ਕੇ ਉੱਡ ਜਾਵੇਗੀ, ਉਦੋਂ ਸੋਨੇ ਦੇ ਇਹ ਕਣ ਕਾਗਜ਼ 'ਤੇ ਰੱਖ ਲਵਾਂਗੇ।"

ਸੋਨੇ ਦੇ ਕਣਾਂ ਨੂੰ ਕਾਗਜ਼ 'ਤੇ ਰੱਖਦਿਆਂ ਗੁਰੂਪਦੋ ਦੱਸਦੇ ਹਨ ਕਿ ਇੱਥੇ ਸੋਨਾ ਬਹੁਤ ਨਹੀਂ ਨਿਕਲਦਾ ਬਲਕਿ ਨਿਕਲਿਆ ਹੋਇਆ ਸੋਨਾ ਕਦੇ ਸੌ ਤਾਂ ਕਦੇ ਦੋ ਸੌ ਰੁਪਏ ਦਾ ਹੀ ਵਿਕ ਪਾਉਂਦਾ ਹੈ।

ਉਹ ਕਹਿੰਦੇ ਹਨ, "ਬਹੁਤ ਘੱਟ ਹੁੰਦਾ ਹੈ ਕਿ ਸੋਨੇ ਦੀ ਕੀਮਤ ਤਿੰਨ ਸੌ ਰੁਪਏ ਜਾਂ ਉਸ ਤੋਂ ਵੱਧ ਮਿਲੇ।"

ਇੱਥੋਂ ਦੇ ਪਿੰਡ ਵਾਸੀ ਦੱਸਦੇ ਹਨ ਕਿ ਕੱਢੇ ਹੋਏ ਸੋਨੇ ਦੇ ਕਣਾਂ ਨੂੰ ਵੇਚਣ ਦੀ ਪ੍ਰਕਿਰਿਆ ਵੀ ਵੱਖ ਹੈ।

ਇਸ ਨੂੰ ਵਿਸਥਾਰ ਵਿੱਚ ਦੱਸਣ 'ਚ ਹਿਚਕਚਾਉਂਦਿਆਂ ਗੁਰੂਪਦੋ ਕਹਿੰਦੇ ਹਨ, "ਇਸ ਦੀ ਵਿਕਰੀ ਪੁਆਇੰਟ 'ਤੇ ਨਿਰਭਰ ਹੈ। ਦੁਕਾਨਦਾਰ ਪ੍ਰਤੀ ਪੁਆਇੰਟ ਇੱਕ ਸੌ ਵੀਹ ਰੁਪਏ ਦਿੰਦੇ ਹਨ। ਯਾਨੀ ਸੋਨੇ ਦਾ ਜਿੰਨਾ ਪੁਆਇੰਟ ਉਸੇ ਮੁਤਾਬਕ ਪੈਸਾ ਮਿਲਦਾ ਹੈ।"

ਅਨਿਸ਼ਚਿਤ ਕਮਾਈ ਤੋਂ ਬਾਅਦ ਵੀ ਇਹ ਕੰਮ ਕਿਉਂ ?

ਇਸ ਕੰਮ ਵਿੱਚ ਲੱਗੇ ਪਿੰਜ ਵਾਸੀਆਂ ਨੂੰ ਰੋਜ਼ਾਨਾ ਸੋਨਾ ਨਹੀਂ ਮਿਲਦਾ। ਫਿਰ ਉਹ ਅਜਿਹੇ ਅਨਿਸ਼ਚਿਤ ਕੰਮ ਵਿੱਚ ਘੰਟਿਆਂ ਸਮਾਂ ਕਿਉਂ ਲਗਾਉਂਦੇ ਹਨ ?

ਇਸ ਸਵਾਲ 'ਤੇ ਪਿੰਡ ਵਾਸੀ ਰੋਹਿਨ ਸਿੰਘ ਕਹਿੰਦੇ ਹਨ, "ਇੱਥੇ ਕੋਈ ਕੰਮ ਧੰਦਾ ਨਹੀਂ ਮਿਲਦਾ। ਅਜਿਹੇ ਵਿੱਚ ਜਦੋਂ ਹੱਥ ਵਿੱਚ ਹੁਨਰ ਹੈ ਤਾਂ ਘਰ ਬੈਠ ਕੇ ਕੀ ਕਰਾਂਗੇ। ਇੱਥੇ ਆਉਣ ਨਾਲ ਦੋ-ਤਿੰਨ ਸੌ ਰੁਪਏ ਜੋ ਵੀ ਮਿਲ ਜਾਵੇ ਘਰ ਬੈਠਣ ਨਾਲੋਂ ਬਿਹਤਰ ਹੈ।"

ਉਹ ਅੱਗੇ ਕਹਿੰਦੇ ਹਨ, "ਇਹ ਛੋਟੀ ਜਿਹੀ ਆਮਦਨ ਇਨ੍ਹਾਂ ਪਿੰਡ ਵਾਸੀਆਂ ਲਈ ਤੇਲ ਸਾਬਣ ਅਤੇ ਰਾਸ਼ਨ ਪਾਣੀ ਦਾ ਖਰਚ ਪੂਰਾ ਕਰ ਦਿੰਦੀ ਹੈ।"

ਸੋਨਾ ਕੱਢਣ ਵਾਲਿਆਂ ਵਿੱਚ ਵੱਡੀ ਗਿਣਤੀ ਬਜ਼ੁਰਗ ਮਹਿਲਾਵਾਂ ਅਤੇ ਪੁਰਸ਼ਾਂ ਦੀ ਹੈ।

ਰੋਹਿਨ ਸਿੰਘ ਕਹਿੰਦੇ ਹਨ, "ਜਿਨ੍ਹਾਂ ਲੋਕਾਂ ਦੀ ਉਮਰ 60 ਸਾਲ ਹੈ ਉਹ ਲੋਕ ਦੂਰ ਸ਼ਹਿਰ ਜਾ ਕੇ ਠੇਕੇਦਾਰੀ ਵਿੱਚ ਮਜ਼ਦੂਰੀ ਨਹੀਂ ਕਰ ਸਕਦੇ। ਜੀਵਨ ਜਿਉਣ ਲਈ ਕੁਝ ਤਾਂ ਆਜੀਵਿਕਾ ਚਾਹੀਦੀ ਹੈ। ਉਸ ਲਈ ਬੇਟਾ-ਬੇਟੀ 'ਤੇ ਨਿਰਭਰ ਨਹੀਂ ਹੋ ਸਕਦੇ। ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਇਸ ਲਈ ਜਦੋਂ ਤਕ ਸਰੀਰ ਚਲਦਾ ਹੈ, ਉਦੋਂ ਤੱਕ ਇਹ ਕੰਮ ਕਰਦੇ ਰਹਾਂਗੇ।"

ਅਨਪੜ੍ਹਤਾ ਅਤੇ ਬੇਰੁਜ਼ਗਾਰੀ ਜ਼ਿੰਮੇਵਾਰ

ਕੁਰਸੀ 'ਤੇ ਬੈਠੀ ਮਹਿਲਾ
ਤਸਵੀਰ ਕੈਪਸ਼ਨ, ਇੱਥੇ ਜੋ ਲੋਕ ਸੋਨਾ ਤਲਾਸ਼ਣ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਇਸ ਲਈ ਕਿਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਪੈਂਦੀ।

ਪਰ ਗੌਰੀ ਪਿੰਡ ਦੇ 51 ਸਾਲਾ ਸਮਾਜਿਕ ਕਾਰਕੁਨ ਦੁਖੁ ਮਹਾਲੀ ਦਾ ਮੰਨਣਾ ਹੈ ਕਿ ਇਸ ਖੇਤਰ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੀ ਕਮੀ ਹੀ ਪਿੰਡ ਵਾਸੀਆਂ ਨੂੰ ਇਸ ਸਖਤ ਸੰਘਰਸ਼ ਵੱਲ ਧੱਕਦਾ ਹੈ।

ਦੁਖੁ ਮਹਾਲੀ ਕਹਿੰਦੇ ਹਨ, "ਇਹ ਪੇਂਡੂ ਖੇਤਰ ਹੈ। ਕਿਸੇ ਕੋਲ ਨੌਕਰੀ ਨਹੀਂ ਹੈ, ਲੋਕ ਪੜ੍ਹੇ ਲਿਖੇ ਨਹੀਂ ਹਨ। ਇਹੀ ਕਾਰਨ ਹੈ ਕਿ ਪਿੰਡ ਵਾਸੀ ਸੋਨੇ ਦੀ ਤਲਾਸ਼ ਕਰਕੇ ਜੀਵਨ ਬਤੀਤ ਕਰਦੇ ਹਨ।"

ਦਰਅਸਲ, ਇਨ੍ਹਾਂ ਬਜ਼ੁਰਗਾਂ ਅਤੇ ਨੌਜਵਾਨ ਵਰਗ ਲਈ ਇਹ ਕੰਮ ਮੀਂਹ ਦੇ ਮੌਸਮ ਨੂੰ ਛੱਡ ਕੇ ਸਾਲ ਦੇ ਬਾਕੀ ਮਹੀਨਿਆਂ ਵਿੱਚ ਰੋਜ਼ਗਾਰ ਦਾ ਇੱਕ ਮਾਤਰ ਸਹਾਰਾ ਬਣ ਜਾਂਦਾ ਹੈ।

ਪ੍ਰਸ਼ਾਸਨ ਨੇ ਕੀ ਕਿਹਾ ?

ਇੱਥੇ ਜੋ ਲੋਕ ਸੋਨਾ ਤਲਾਸ਼ਣ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਇਸ ਲਈ ਕਿਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਪੈਂਦੀ।

ਅਸੀਂ ਇਸ ਬਾਰੇ ਜਾਣਨ ਲਈ ਚਾਂਡਿਲ ਬਲੌਕ ਦੇ ਅਧਿਕਾਰੀ ਅਤੇ ਮੈਜਿਸਟਰੇਟ ਨਿਤਿਨ ਸ਼ਿਵਮ ਗੁਪਤਾ ਨਾਲ ਗੱਲ ਕੀਤੀ।

ਉਹ ਕਹਿੰਦੇ ਹਨ, "ਇਸ ਖੇਤਰ ਵਿੱਚ ਸੋਨਾ ਕੱਢਣ ਵਾਲਿਆਂ ਵਿੱਚ ਕਿਸੇ ਵਿਵਾਦ ਦਾ ਕਦੇ ਕੋਈ ਮਾਮਲਾ ਰੌਸ਼ਨੀ ਵਿੱਚ ਨਹੀਂ ਆਇਆ ਹੈ।"

ਇਸ ਬਿਆਨ ਤੋਂ ਸਹਿਮਤ ਸਥਾਨਕ ਜ਼ਿਲ੍ਹਾ ਖਣਨ ਅਧਿਕਾਰੀ ਜਯੋਤੀ ਸ਼ੰਕਰ ਸਥਪਤੀ ਕਹਿੰਦੇ ਹਨ ਕਿ ਇੱਥੇ ਸੋਨੇ ਦੀ ਮਾਤਰਾ ਇੰਨੀ ਘੱਟ ਹੁੰਦੀ ਹੈ ਕਿ ਇਸ ਦਾ ਖਣਨ ਸਰਕਾਰ ਲਈ ਸੰਭਵ ਨਹੀਂ ਹੈ।

ਉਹ ਕਹਿੰਦੇ ਹਨ, "ਅਜਿਹੇ ਵਿੱਚ ਜੇ ਗ੍ਰਾਮੀਣ ਇਨ੍ਹਾਂ ਪਲੇਸਰ ਡਿਪਾਜ਼ਿਟ ਵਿਚੋਂ ਸੋਨਾ ਕੱਢ ਰਹੇ ਹਨ ਤਾਂ ਇਸ ਨੂੰ ਚੋਰੀ ਤਾਂ ਨਹੀਂ ਕਹਿ ਸਕਦੇ।"

ਸਰਕਾਰ ਕਿਉਂ ਨਹੀਂ ਕਰਦੀ ਵਪਾਰਕ ਮਾਈਨਿੰਗ

ਮਿੱਟੀ ਵਿੱਚੋਂ ਵੱਖ ਕੀਤਾ ਜਾ ਰਿਹਾ ਸੋਨਾ
ਤਸਵੀਰ ਕੈਪਸ਼ਨ, ਇੱਥੇ ਸੋਨੇ ਦਾ ਪ੍ਰਤੀਸ਼ਤ ਇੰਨਾ ਘੱਟ ਹੈ ਕਿ ਸਰਕਾਰ ਨੂੰ ਖਣਨ ਕਰਨ ਨਾਲ ਘਾਟਾ ਹੀ ਹੋਵੇਗਾ।

ਸਵਰਣਰੇਖਾ ਅਤੇ ਉਸ ਦੀਆਂ ਸਹਾਇਕ ਨਦੀਆਂ 'ਤੇ ਅਧਿਐਨ ਕਰ ਚੁੱਕੀ ਪ੍ਰੋਫੈਸਰ ਡਾ.ਨੰਦਿਤਾ ਨਾਗ ਜਮਸ਼ੇਦਪੁਰ ਕੋਆਪਰੇਟਿਵ ਕਾਲਜ ਵਿੱਚ ਭੂ-ਵਿਗਿਆਨ ਵਿਭਾਗ ਦੀ ਮੁਖੀ ਰਹਿ ਚੁੱਕੀ ਹੈ।

ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਦੋਂ ਸੋਨਾ ਮੌਜੂਦ ਹੈ ਤਾਂ ਇਸ ਦਾ ਵਪਾਰਕ ਖਣਨ ਕਿਉਂ ਨਹੀਂ ਹੁੰਦਾ ?

ਇਸ ਸਵਾਲ 'ਤੇ ਉਹ ਕਹਿੰਦੀ ਹੈ, "ਇੱਥੇ ਸੋਨੇ ਦਾ ਖਣਨ ਕਰਨ ਲਈ ਖਾਸ ਤੌਰ 'ਤੇ ਕੋਈ ਖਦਾਨ ਨਹੀਂ ਹੈ। ਜੋ ਸੋਨਾ ਹੈ ਵੀ, ਉਸ ਦਾ ਪ੍ਰਤੀਸ਼ਤ ਇੰਨਾ ਘੱਟ ਹੈ ਕਿ ਸਰਕਾਰ ਨੂੰ ਖਣਨ ਕਰਨ ਨਾਲ ਘਾਟਾ ਹੀ ਹੋਵੇਗਾ। ਇਸ ਲਈ ਸਰਕਾਰ ਇਸ 'ਤੇ ਧਿਆਨ ਨਹੀਂ ਦਿੰਦੀ।"

ਉਹ ਅੱਗੇ ਕਹਿੰਦੇ ਹੈ, "ਪਿੰਡ ਦੇ ਲੋਕਾਂ ਨੂੰ ਜਿੰਨਾ ਸੋਨਾ ਮਿਲ ਜਾਵੇ ਉਸ ਵਿੱਚ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ। ਇਸ ਲਈ ਇਹ ਲੋਕ ਸੋਨਾ ਕੱਢਦੇ ਹਨ।"

ਭਾਵੇਂ ਹੀ ਇਸ ਨਦੀ ਵਿੱਚ ਇੰਨਾ ਸੋਨਾ ਨਾ ਨਿਕਲਦਾ ਹੋਵੇ ਅਤੇ ਪਿੰਡ ਵਾਸੀਆਂ ਦੀ ਘੰਟਿਆਂ ਦੀ ਮਿਹਨਤ ਕਦੇ-ਕਦੇ ਬੇਕਾਰ ਚਲੀ ਜਾਂਦੀ ਹੋਵੇ ਪਰ ਇਹ ਨਦੀ ਫਿਰ ਵੀ ਲੋਕਾਂ ਵਿੱਚ ਵਾਰ ਵਾਰ ਇੱਕ ਉਮੀਦ ਜਗਾ ਦਿੰਦੀ ਹੈ ਕਿ ਸ਼ਾਇਦ ਇਸ ਵਾਰ ਮਿਹਨਤ ਕਰਨ 'ਤੇ ਉਨ੍ਹਾਂ ਨੂੰ ਸੋਨੇ ਦੇ ਕੁਝ ਕਣ ਮਿਲ ਜਾਣ ਅਤੇ ਉਨ੍ਹਾਂ ਦਾ ਤੇਲ ਸਾਬਣ ਅਤੇ ਰਾਸ਼ਨ ਦਾ ਖਰਚ ਨਿਕਲ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)