ਸ਼ੇਅਰ ਬਾਜ਼ਾਰ ਵਿੱਚ ਉਤਾਰ-ਚੜ੍ਹਾਅ ਦੇ ਦੌਰਾਨ ਕੀ ਜੈੱਨ ਜ਼ੀ ਨੂੰ ਐੱਸਆਈਪੀ ਵਿੱਚ ਨਿਵੇਸ਼ ਜਾਰੀ ਰੱਖਣਾ ਚਾਹੀਦਾ ਹੈ ਜਾਂ ਰੋਕ ਦੇਣਾ ਚਾਹੀਦਾ ਹੈ?

ਜੇਨ ਜ਼ੀ ਨਿਵੇਸ਼ਕ
ਤਸਵੀਰ ਕੈਪਸ਼ਨ, ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਐੱਸਆਈਪੀ ਵਿੱਚ ਨਿਵੇਸ਼ ਨੂੰ ਲੈ ਕੇ ਨੌਜਵਾਨਾਂ ਵਿੱਚ ਚਿੰਤਾ ਹੈ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਨੋਇਡਾ ਵਿੱਚ ਰਹਿਣ ਵਾਲੀ ਵਿਸ਼ਾਖਾ ਪਿਛਲੇ ਦੋ ਸਾਲਾਂ ਤੋਂ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਯਾਨੀ ਐੱਸਆਈਪੀ ਵਿੱਚ ਨਿਵੇਸ਼ ਕਰ ਰਹੇ ਹਨ।

ਸ਼ੁਰੂ ਵਿੱਚ ਉਨ੍ਹਾਂ ਨੂੰ ਸਭ ਕੁਝ ਠੀਕ ਲੱਗਿਆ, ਪਰ ਹੁਣ ਸ਼ੇਅਰ ਬਾਜ਼ਾਰ ਵਿੱਚ ਆਉਣ ਵਾਲੇ ਉਤਾਰ-ਚੜ੍ਹਾਅ ਅਤੇ ਸੋਸ਼ਲ ਮੀਡੀਆ 'ਤੇ ਮਾਹਿਰਾਂ ਵੱਲੋਂ ਦਿੱਤੀਆਂ ਜਾ ਰਹੇ ਵੱਖ-ਵੱਖ ਸੁਝਾਵਾਂ ਨੇ ਉਸਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ।

ਹਾਲ ਹੀ ਵਿੱਚ ਇੱਕ ਐੱਸਆਈਪੀ ਵਿੱਚ ਨੁਕਸਾਨ ਹੋਣ ਤੋਂ ਬਾਅਦ ਉਸ ਨੇ ਵਿਚਕਾਰ ਹੀ ਨਿਵੇਸ਼ ਬੰਦ ਕਰਕੇ ਆਪਣਾ ਪੈਸਾ ਕੱਢ ਲਿਆ।

ਹੁਣ ਉਸ ਦੇ ਸਾਹਮਣੇ ਸਵਾਲ ਹੈ ਕਿ ਬਾਜ਼ਾਰ ਦੇ ਉਤਾਰ-ਚੜ੍ਹਾਅ ਦੇ ਵਿਚਕਾਰ ਐੱਸਆਈਪੀ ਵਿੱਚ ਨਿਵੇਸ਼ ਜਾਰੀ ਰੱਖਣਾ ਚਾਹੀਦਾ ਹੈ ਜਾਂ ਨਹੀਂ?

ਕਈ ਨੌਜਵਾਨ ਨੌਕਰੀ ਸ਼ੁਰੂ ਕਰਨ ਦੇ ਨਾਲ ਹੀ ਬਚਤ ਅਤੇ ਨਿਵੇਸ਼ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਨ। ਪਰ ਘੱਟ ਤਨਖਾਹ, ਹਰ ਮਹੀਨੇ ਦੇ ਖਰਚਿਆਂ ਅਤੇ ਭਵਿੱਖ ਦੀਆਂ ਲੋੜਾਂ ਵਿਚਕਾਰ ਨਿਵੇਸ਼ ਦੀ ਸ਼ੁਰੂਆਤ ਕਰਨਾ ਆਸਾਨ ਨਹੀਂ ਹੁੰਦਾ।

ਭਾਰਤ ਵਿੱਚ ਐੱਸਆਈਪੀ ਛੋਟੇ ਪੱਧਰ 'ਤੇ ਨਿਵੇਸ਼ ਕਰਨ ਦਾ ਇੱਕ ਪ੍ਰਸਿੱਧ ਤਰੀਕਾ ਹੈ। ਪਰ ਕੀ ਐੱਸਆਈਪੀ ਵਿੱਚ ਨਿਵੇਸ਼ ਕਰਨਾ ਸੁਰੱਖਿਅਤ ਹੈ?

ਅਜਿਹੇ ਹੀ ਸਵਾਲਾਂ ਬਾਰੇ ਬੀਬੀਸੀ ਹਿੰਦੀ ਨੇ ਓਪਟੀਮਾ ਮਨੀ ਮੈਨੇਜਰਜ਼ ਪ੍ਰਾਈਵੇਟ ਲਿਮਿਟੇਡ ਦੇ ਸੰਸਥਾਪਕ ਪੰਕਜ ਮਾਥਪਾਲ ਅਤੇ ਸਰਟੀਫਾਈਡ ਫਾਇਨੈਂਸ਼ੀਅਲ ਪਲਾਨਰ (ਸੀਐਫਪੀ) ਪੂਨਮ ਰੁੰਗਟਾ ਨਾਲ ਗੱਲਬਾਤ ਕੀਤੀ।

ਐੱਸਆਈਪੀ ਵਿੱਚ ਵਧਦਾ ਹੋਇਆ ਏਯੂਐੱਮ

ਰੁੰਗਟਾ ਦਾ ਸੁਝਾਅ

ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ ਦੇ ਅੰਕੜਿਆਂ ਮੁਤਾਬਕ, 30 ਸਤੰਬਰ 2025 ਨੂੰ ਐੱਸਆਈਪੀ ਰਾਹੀਂ ਕੀਤੇ ਗਏ ਨਿਵੇਸ਼ ਦੀ ਕੁੱਲ ਸੰਪਤੀ (ਐਸੈਟਸ ਅੰਡਰ ਮੈਨੇਜਮੈਂਟ ਜਾਂ AUM) 15.52 ਲੱਖ ਕਰੋੜ ਰੁਪਏ ਸੀ। 30 ਸਤੰਬਰ 2026 ਤੱਕ ਇਹ ਵੱਧ ਕੇ 17.86 ਲੱਖ ਕਰੋੜ ਰੁਪਏ ਹੋ ਗਈ।

ਅਰਥਾਤ, ਇੱਕ ਸਾਲ ਦੇ ਅੰਦਰ ਐੱਸਆਈਪੀ ਏਯੂਐੱਮ ਵਿੱਚ ਲਗਭਗ 2.34 ਲੱਖ ਕਰੋੜ ਰੁਪਏ ਜਾਂ ਤਕਰੀਬਨ 15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਉੱਥੇ ਹੀ, ਏਐੱਮਐੱਫਆਈ ਦੇ ਅਨੁਸਾਰ, ਸਤੰਬਰ 2026 ਵਿੱਚ ਐਸਆਈਪੀ ਰਾਹੀਂ ਨਿਵੇਸ਼ ਦੀ ਰਕਮ ਰਿਕਾਰਡ 32,490 ਕਰੋੜ ਰੁਪਏ ਤੱਕ ਪਹੁੰਚ ਗਈ।

ਹਾਲਾਂਕਿ, ਐਸਆਈਪੀ ਵਿੱਚ ਨਿਵੇਸ਼ ਵਧਣ ਦੇ ਨਾਲ-ਨਾਲ ਕੁਝ ਲੋਕ ਇਸ ਨੂੰ ਬੰਦ ਵੀ ਕਰ ਰਹੇ ਹਨ ਜਾਂ ਉਨ੍ਹਾਂ ਦੀ ਨਿਵੇਸ਼ ਮਿਆਦ ਪੂਰੀ ਹੋ ਰਹੀ ਹੈ। ਏਐੱਮਐੱਫਆਈ ਮੁਤਾਬਕ, ਸਤੰਬਰ 2026 ਵਿੱਚ ਐਸਆਈਪੀ ਬੰਦ ਹੋਣ ਦਾ ਅਨੁਪਾਤ 78.53 ਫੀਸਦੀ ਰਿਹਾ।

ਵਿੱਤੀ ਮਾਹਿਰ ਪੰਕਜ ਮਾਥਪਾਲ ਨੇ ਦੱਸਿਆ ਕਿ ਐਸਆਈਪੀ ਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਛੋਟੀ ਰਕਮ ਨਾਲ ਵੀ ਨਿਵੇਸ਼ ਸ਼ੁਰੂ ਕਰ ਸਕਦੇ ਹੋ। ਇਸ ਲਈ ਵੱਡੀ ਰਕਮ ਇਕੱਠੀ ਹੋਣ ਦੀ ਉਡੀਕ ਕਰਨ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਮਿਊਚੁਅਲ ਫੰਡਾਂ ਵਿੱਚ ਤੁਸੀਂ ਸਿਰਫ਼ 100 ਰੁਪਏ ਪ੍ਰਤੀ ਮਹੀਨਾ ਨਾਲ ਵੀ ਐਸਆਈਪੀ ਸ਼ੁਰੂ ਕਰ ਸਕਦੇ ਹੋ।

ਪੂਨਮ ਰੁੰਗਟਾ ਨੇ ਕਿਹਾ, "ਤੁਸੀਂ 100, 250 ਜਾਂ ਘੱਟੋ-ਘੱਟ 500 ਰੁਪਏ ਨਾਲ ਵੀ ਸ਼ੁਰੂਆਤ ਕਰ ਸਕਦੇ ਹੋ। ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਨਿਵੇਸ਼ ਕਰਨਾ ਸ਼ੁਰੂ ਕਰੋ ਅਤੇ ਇਸਦੀ ਆਦਤ ਬਣਾਓ। ਸ਼ੁਰੂ ਵਿੱਚ ਤੁਸੀਂ ਜਿੰਨੀ ਰਕਮ ਨਾਲ ਆਪਣੇ ਆਪ ਨੂੰ ਸਹਿਜ ਮਹਿਸੂਸ ਕਰਦੇ ਹੋ, ਉੱਨੀ ਰਕਮ ਨਾਲ ਨਿਵੇਸ਼ ਸ਼ੁਰੂ ਕਰੋ।"

ਐਸਆਈਪੀ ਵਿੱਚ ਨਿਵੇਸ਼ ਵਧਣ ਦੇ ਨਾਲ-ਨਾਲ ਕੁਝ ਲੋਕ ਇਸ ਨੂੰ ਬੰਦ ਵੀ ਕਰ ਰਹੇ ਹਨ
ਤਸਵੀਰ ਕੈਪਸ਼ਨ, ਐਸਆਈਪੀ ਵਿੱਚ ਨਿਵੇਸ਼ ਵਧਣ ਦੇ ਨਾਲ-ਨਾਲ ਕੁਝ ਲੋਕ ਇਸ ਨੂੰ ਬੰਦ ਵੀ ਕਰ ਰਹੇ ਹਨ

ਸ਼ੇਅਰ ਬਾਜ਼ਾਰ ਵਿੱਚ ਇਸ ਸਾਲ ਦੀ ਗਿਰਾਵਟ

ਹੁਣ ਤੱਕ ਇਹ ਸਾਲ ਸ਼ੇਅਰ ਬਾਜ਼ਾਰ ਲਈ ਕਾਫ਼ੀ ਉਤਾਰ-ਚੜ੍ਹਾਵਾਂ ਭਰਿਆ ਰਿਹਾ ਹੈ। ਨਿਪਪੌਨ ਇੰਡੀਆ ਮਿਊਚੁਅਲ ਫੰਡ ਦੇ ਅਨੁਸਾਰ, 23 ਅਕਤੂਬਰ 2026 ਤੱਕ ਸੈਂਸੈਕਸ ਵਿੱਚ ਇਸ ਸਾਲ 14.19 ਫੀਸਦੀ ਅਤੇ ਨਿਫਟੀ 50 ਵਿੱਚ 13.51 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਅਜਿਹੇ ਵਿੱਚ ਨੌਜਵਾਨ ਨਿਵੇਸ਼ਕਾਂ ਲਈ ਕੀ ਇਸ ਵੇਲੇ ਐੱਸਆਈਪੀ ਵਿੱਚ ਨਿਵੇਸ਼ ਕਰਨਾ ਠੀਕ ਰਹੇਗਾ ਜਾਂ ਨਹੀਂ?

ਇਸ ਸਵਾਲ 'ਤੇ ਪੰਕਜ ਮਾਥਪਾਲ ਨੇ ਕਿਹਾ ਕਿ ਬਾਜ਼ਾਰ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਇਸ ਵਿੱਚ ਕਦੇ ਗਿਰਾਵਟ ਆਉਂਦੀ ਹੈ ਤੇ ਕਦੇ ਤੇਜ਼ੀ। ਇਸ ਦੇ ਕਾਰਨ ਵੀ ਵੱਖ-ਵੱਖ ਹੋ ਸਕਦੇ ਹਨ। ਫਿਲਹਾਲ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਯੁੱਧ ਵੀ ਬਾਜ਼ਾਰ ਵਿੱਚ ਗਿਰਾਵਟ ਦੇ ਕਾਰਨਾਂ ਵਿੱਚੋਂ ਇੱਕ ਹੈ।

ਦੂਜੇ ਪਾਸੇ, ਪੂਨਮ ਰੁੰਗਟਾ ਨੇ ਕਿਹਾ ਕਿ ਇਸ ਵੇਲੇ ਸ਼ੇਅਰ ਬਾਜ਼ਾਰ ਵਿੱਚ ਉਤਾਰ-ਚੜ੍ਹਾਅ ਜਾਰੀ ਹੈ। ਜਿਨ੍ਹਾਂ ਲੋਕਾਂ ਨੇ ਪੰਜ-ਛੇ ਸਾਲ ਪਹਿਲਾਂ ਐੱਸਆਈਪੀ ਸ਼ੁਰੂ ਕੀਤੀ ਸੀ, ਉਨ੍ਹਾਂ ਦਾ ਰਿਟਰਨ ਅੱਜ ਵੀ ਸਕਾਰਾਤਮਕ ਹੋ ਸਕਦਾ ਹੈ। ਜਦਕਿ ਜਿਨ੍ਹਾਂ ਨੇ ਇੱਕ ਜਾਂ ਦੋ ਸਾਲ ਪਹਿਲਾਂ ਨਿਵੇਸ਼ ਸ਼ੁਰੂ ਕੀਤਾ ਹੈ, ਉਨ੍ਹਾਂ ਦਾ ਮੁਨਾਫ਼ਾ ਘੱਟ ਹੋ ਸਕਦਾ ਹੈ।

ਐੱਸਆਈਪੀ ਕੀ ਹੈ?

ਮਿਊਚੁਅਲ ਫੰਡ ਕਈ ਨਿਵੇਸ਼ਕਾਂ ਤੋਂ ਪੈਸਾ ਇਕੱਠਾ ਕਰਕੇ ਉਸ ਨੂੰ ਸ਼ੇਅਰਾਂ, ਬਾਂਡਾਂ ਅਤੇ ਹੋਰ ਵਿੱਤੀ ਪ੍ਰਤੀਭੂਤੀਆਂ (ਸਿਕਿਓਰਿਟੀਜ਼) ਵਿੱਚ ਨਿਵੇਸ਼ ਕਰਦੇ ਹਨ।
ਤਸਵੀਰ ਕੈਪਸ਼ਨ, ਮਿਊਚੁਅਲ ਫੰਡ ਕਈ ਨਿਵੇਸ਼ਕਾਂ ਤੋਂ ਪੈਸਾ ਇਕੱਠਾ ਕਰਕੇ ਉਸ ਨੂੰ ਸ਼ੇਅਰਾਂ, ਬਾਂਡਾਂ ਅਤੇ ਹੋਰ ਵਿੱਤੀ ਪ੍ਰਤੀਭੂਤੀਆਂ (ਸਿਕਿਓਰਿਟੀਜ਼) ਵਿੱਚ ਨਿਵੇਸ਼ ਕਰਦੇ ਹਨ।

ਐੱਸਆਈਪੀ (ਸਿਸਟਮੈਟਿਕ ਇਨਵੈਸਟਮੈਂਟ ਪਲਾਨ) ਮਿਊਚੁਅਲ ਫੰਡ ਵਿੱਚ ਨਿਵੇਸ਼ ਕਰਨ ਦਾ ਇੱਕ ਤਰੀਕਾ ਹੈ। ਇਸ ਵਿੱਚ ਤੁਸੀਂ ਇੱਕੋ ਵਾਰ ਵੱਡੀ ਰਕਮ ਨਿਵੇਸ਼ ਕਰਨ ਦੀ ਬਜਾਏ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਨਿਵੇਸ਼ ਕਰਦੇ ਹੋ। ਇਹ ਰਿਕਰਿੰਗ ਡਿਪਾਜ਼ਿਟ (ਆਰਡੀ) ਵਾਂਗ ਹੁੰਦਾ ਹੈ, ਪਰ ਇਸ ਵਿੱਚ ਮੁਨਾਫ਼ੇ ਦੀ ਕੋਈ ਗਾਰੰਟੀ ਨਹੀਂ ਹੁੰਦੀ।

ਪੰਕਜ ਮਾਥਪਾਲ ਨੇ ਕਿਹਾ ਕਿ ਨਿਵੇਸ਼ ਕਰਨ ਦਾ ਮਕਸਦ ਪੈਸੇ ਦੀ ਬਚਤ ਕਰਨਾ ਅਤੇ ਉਸ ਨੂੰ ਵਧਾਉਣਾ ਹੁੰਦਾ ਹੈ। ਇਸ ਲਈ ਐੱਸਆਈਪੀ ਇੱਕ ਵਧੀਆ ਵਿਕਲਪ ਹੈ। ਐੱਸਆਈਪੀ ਦਾ ਇੱਕ ਫਾਇਦਾ ਇਹ ਹੈ ਕਿ ਤੁਸੀਂ ਛੋਟੀ ਰਕਮ ਨਾਲ ਵੀ ਨਿਵੇਸ਼ ਸ਼ੁਰੂ ਕਰ ਸਕਦੇ ਹੋ। ਇਸ ਲਈ ਵੱਡੀ ਰਕਮ ਇਕੱਠੀ ਹੋਣ ਦੀ ਉਡੀਕ ਕਰਨ ਦੀ ਲੋੜ ਨਹੀਂ ਪੈਂਦੀ।

ਪੂਨਮ ਰੁੰਗਟਾ ਦਾ ਕਹਿਣਾ ਹੈ ਕਿ ਜੇਕਰ ਜੈਨ ਜ਼ੀ ਦੇ ਨੌਜਵਾਨ ਘੱਟ ਉਮਰ ਵਿੱਚ ਹੀ ਐੱਸਆਈਪੀ ਸ਼ੁਰੂ ਕਰ ਲੈਂਦੇ ਹਨ, ਤਾਂ ਉਨ੍ਹਾਂ ਨੂੰ ਇਸ ਲਈ ਕਿਸੇ ਖਾਸ ਸਮੇਂ ਦੀ ਉਡੀਕ ਕਰਨ ਦੀ ਲੋੜ ਨਹੀਂ ਹੁੰਦੀ। ਐੱਸਆਈਪੀ ਰਾਹੀਂ ਨਿਵੇਸ਼ ਕਰਦੇ ਸਮੇਂ ਸਾਡਾ ਨਜ਼ਰੀਆ ਲੰਬੀ ਮਿਆਦ ਵਾਲਾ ਹੋਣਾ ਚਾਹੀਦਾ ਹੈ।

ਸਟੌਕ ਅਤੇ ਮਿਊਅਚਲ ਫੰਡ ਵਿੱਚ ਫਰਕ?

ਪੰਕਜ ਦਾ ਸੁਝਾਅ

ਸੇਬੀ ਦੇ ਮੁਤਾਬਕ, ਸ਼ੇਅਰ (ਸਟੌਕ) ਕਿਸੇ ਕੰਪਨੀ ਵਿੱਚ ਮਾਲਕੀ ਹਿੱਸੇਦਾਰੀ ਨੂੰ ਦਰਸਾਉਂਦੇ ਹਨ। ਜਦੋਂ ਕੋਈ ਵਿਅਕਤੀ ਕਿਸੇ ਕੰਪਨੀ ਦੇ ਸ਼ੇਅਰ ਖਰੀਦਦਾ ਹੈ, ਤਾਂ ਉਹ ਉਸ ਕੰਪਨੀ ਦਾ ਸ਼ੇਅਰਧਾਰਕ ਬਣ ਜਾਂਦਾ ਹੈ। ਸ਼ੇਅਰ ਦੀ ਕੀਮਤ ਵਧਣ 'ਤੇ ਮੁਨਾਫ਼ਾ ਹੋ ਸਕਦਾ ਹੈ, ਜਦਕਿ ਕੀਮਤ ਘਟਣ 'ਤੇ ਨੁਕਸਾਨ ਵੀ ਹੋ ਸਕਦਾ ਹੈ।

ਕੰਪਨੀ ਦੀ ਕਾਰਗੁਜ਼ਾਰੀ ਅਤੇ ਅਰਥਵਿਵਸਥਾ ਵਿੱਚ ਆਉਣ ਵਾਲੇ ਬਦਲਾਅ ਵੀ ਸ਼ੇਅਰਾਂ ਦੀ ਕੀਮਤ ਨੂੰ ਪ੍ਰਭਾਵਿਤ ਕਰਦੇ ਹਨ।

ਦੂਜੇ ਪਾਸੇ, ਮਿਊਚੁਅਲ ਫੰਡ ਕਈ ਨਿਵੇਸ਼ਕਾਂ ਤੋਂ ਪੈਸਾ ਇਕੱਠਾ ਕਰਕੇ ਉਸ ਨੂੰ ਸ਼ੇਅਰਾਂ, ਬਾਂਡਾਂ ਅਤੇ ਹੋਰ ਵਿੱਤੀ ਪ੍ਰਤੀਭੂਤੀਆਂ ਵਿੱਚ ਨਿਵੇਸ਼ ਕਰਦੇ ਹਨ।

ਇਸ ਤਰ੍ਹਾਂ ਨਿਵੇਸ਼ਕਾਂ ਦਾ ਪੈਸਾ ਵੱਖ-ਵੱਖ ਵਿਕਲਪਾਂ ਵਿੱਚ ਲਗਾਇਆ ਜਾਂਦਾ ਹੈ। ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਦਾ ਪ੍ਰਬੰਧ ਪੇਸ਼ੇਵਰ ਫੰਡ ਮੈਨੇਜਰ ਕਰਦੇ ਹਨ ਅਤੇ ਇਸ ਦੇ ਬਦਲੇ ਉਹ ਫੀਸ ਲੈਂਦੇ ਹਨ।

ਸ਼ੇਅਰ ਬਾਜ਼ਾਰ ਜਾਂ ਮਿਊਚੁਅਲ ਫੰਡ ਵਿੱਚ ਨਿਵੇਸ਼ ਕਰਨ ਦੇ ਸਵਾਲ 'ਤੇ ਪੰਕਜ ਮਾਥਪਾਲ ਨੇ ਕਿਹਾ ਕਿ ਜੇਕਰ ਤੁਹਾਨੂੰ ਸ਼ੇਅਰ ਬਾਜ਼ਾਰ ਦੀ ਚੰਗੀ ਜਾਣਕਾਰੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸ ਕੰਪਨੀ ਦੇ ਸ਼ੇਅਰਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ, ਤਾਂ ਤੁਸੀਂ ਸਿੱਧੇ ਸ਼ੇਅਰਾਂ ਵਿੱਚ ਨਿਵੇਸ਼ ਕਰ ਸਕਦੇ ਹੋ।

ਉੱਧਰ ਪੂਨਮ ਰੁੰਗਟਾ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮਿਊਚੁਅਲ ਫੰਡ ਰਾਹੀਂ ਐੱਸਆਈਪੀ ਕਰਨ 'ਤੇ ਵੀ ਤੁਸੀਂ ਆਖ਼ਿਰਕਾਰ ਸ਼ੇਅਰਾਂ ਵਿੱਚ ਹੀ ਨਿਵੇਸ਼ ਕਰ ਰਹੇ ਹੁੰਦੇ ਹੋ। ਫ਼ਰਕ ਸਿਰਫ਼ ਇੰਨਾ ਹੈ ਕਿ ਤੁਸੀਂ ਜਾਂ ਤਾਂ ਸਿੱਧੇ ਸ਼ੇਅਰ ਖਰੀਦ ਰਹੇ ਹੋ ਜਾਂ ਫਿਰ ਮਿਊਚੁਅਲ ਫੰਡ ਦੇ ਜ਼ਰੀਏ ਉਨ੍ਹਾਂ ਵਿੱਚ ਨਿਵੇਸ਼ ਕਰ ਰਹੇ ਹੋ।

ਲੌਂਗ ਟਰਮ ਬਨਾਮ ਸ਼ਾਰਟ ਟਰਮ ਦਾ ਨਿਵੇਸ਼

ਪੈਸਾ

ਏਐੱਮਐੱਫਆਈ ਦੇ ਅਨੁਸਾਰ, ਮਿਊਚੁਅਲ ਫੰਡਾਂ ਵਿੱਚ ਛੋਟੀ ਅਤੇ ਲੰਬੀ ਦੋਵੇਂ ਮਿਆਦਾਂ ਲਈ ਨਿਵੇਸ਼ ਕੀਤਾ ਜਾ ਸਕਦਾ ਹੈ। ਇਹ ਨਿਵੇਸ਼ਕ ਦੇ ਵਿੱਤੀ ਟੀਚਿਆਂ ਅਤੇ ਨਿਵੇਸ਼ ਦੀ ਮਿਆਦ 'ਤੇ ਨਿਰਭਰ ਕਰਦਾ ਹੈ। ਮਿਊਚੁਅਲ ਫੰਡਾਂ ਦੀਆਂ ਵੱਖ-ਵੱਖ ਯੋਜਨਾਵਾਂ ਇਕਵਿਟੀ (ਸ਼ੇਅਰਾਂ) ਅਤੇ ਡੈੱਟ (ਬਾਂਡ ਵਰਗੇ ਕਰਜ਼ੇ ਵਾਲੇ ਸਾਧਨਾਂ) ਵਿੱਚ ਨਿਵੇਸ਼ ਕਰਦੀਆਂ ਹਨ। ਇਨ੍ਹਾਂ ਦੀ ਚੋਣ ਨਿਵੇਸ਼ਕ ਆਪਣੀਆਂ ਲੋੜਾਂ ਅਨੁਸਾਰ ਕਰ ਸਕਦਾ ਹੈ।

ਪੂਨਮ ਰੁੰਗਟਾ ਨੇ ਕਿਹਾ ਕਿ ਐੱਸਆਈਪੀ ਨੂੰ ਲੰਬੀ ਮਿਆਦ ਦੇ ਨਿਵੇਸ਼ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। ਘੱਟੋ-ਘੱਟ ਪੰਜ ਸਾਲ ਦਾ ਸਮਾਂ ਰੱਖਣਾ ਬਿਹਤਰ ਹੁੰਦਾ ਹੈ। ਛੋਟੀ ਮਿਆਦ ਵਿੱਚ ਰਿਟਰਨ ਨਕਾਰਾਤਮਕ ਵੀ ਹੋ ਸਕਦਾ ਹੈ, ਇਸ ਲਈ ਇਸ ਗੱਲ ਨੂੰ ਸਮਝਦੇ ਹੋਏ ਨਿਵੇਸ਼ ਕਰਨਾ ਚਾਹੀਦਾ ਹੈ ਅਤੇ ਬਾਜ਼ਾਰ ਵਿੱਚ ਗਿਰਾਵਟ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ।

ਪੰਕਜ ਮਾਥਪਾਲ ਨੇ ਕਿਹਾ ਕਿ ਜੇਕਰ ਤੁਸੀਂ ਪੰਜ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਨਿਵੇਸ਼ ਕਰ ਰਹੇ ਹੋ, ਤਾਂ ਇਸ ਦੌਰਾਨ ਬਾਜ਼ਾਰ ਕਦੇ ਉੱਪਰ ਵੀ ਜਾਵੇਗਾ ਅਤੇ ਕਦੇ ਹੇਠਾਂ ਵੀ ਆਵੇਗਾ। ਇਸ ਲਈ ਐਸਆਈਪੀ ਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਬਾਜ਼ਾਰ ਚੜ੍ਹ ਰਿਹਾ ਹੋਵੇ ਜਾਂ ਡਿੱਗ ਰਿਹਾ ਹੋਵੇ, ਤੁਹਾਡਾ ਨਿਵੇਸ਼ ਨਿਯਮਿਤ ਤੌਰ 'ਤੇ ਜਾਰੀ ਰਹਿੰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)